ਨਵੀਂ ਦਿੱਲੀ, ਏਐੱਨਆਈ : ਕਾਂਗਰਸ ਦੇ ਸੀਨੀਅਰ ਆਗੂ ਮੱਲਿਕਾਰਜੁਨ ਖੜਗੇ ਨੇ ਪ੍ਰਧਾਨਗੀ ਅਹੁਦੇ ਲਈ ਹੋਈ ਚੋਣ ਜਿੱਤ ਲਈ ਹੈ। ਖੜਗੇ ਹੁਣ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ। ਪ੍ਰਧਾਨਗੀ ਅਹੁਦੇ ਲਈ ਹੋਈ ਚੋਣ 'ਚ ਖੜਗੇ ਨੂੰ 7897 ਵੋਟਾਂ ਮਿਲੀਆਂ ਜਦਕਿ ਸ਼ਸ਼ੀ ਥਰੂਰ ਨੂੰ ਸਿਰਫ਼ ਇਕ ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ। ਏਜੰਸੀ ਮੁਤਾਬਕ 416 ਵੋਟਾਂ ਰੱਦ ਹੋਈਆਂ। 24 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਪ੍ਰਧਾਨ ਗੈਰ-ਗਾਂਧੀ ਪਰਿਵਾਰ ਤੋਂ ਹੈ। ਦੱਸ ਦੇਈਏ ਕਿ ਇਸ ਸੋਮਵਾਰ ਨੂੰ ਦੇਸ਼ ਭਰ 'ਚ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ 'ਚ ਕਾਂਗਰਸ ਦੇ 9 ਹਜ਼ਾਰ ਤੋਂ ਵੱਧ ਪ੍ਰਤੀਨਿਧੀਆਂ ਨੇ ਵੋਟਿੰਗ ਕੀਤੀ ਸੀ। ਖੜਗੇ ਦੀ ਜਿੱਤ ਦਾ ਰਸਮੀ ਐਲਾਨ ਹੋਣ ਤੋਂ ਪਹਿਲਾਂ ਹੀ ਥਰੂਰ ਨੇ ਆਪਣੀ ਹਾਰ ਸਵੀਕਾਰ ਕਰ ਲਈ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਸ਼ਸ਼ੀ ਥਰੂਰ ਨੇ ਖੜਗੇ ਨੂੰ ਵਧਾਈ ਦਿੰਦੇ ਹੋਏ ਕਿਹਾ, ''ਕਾਂਗਰਸ ਦਾ ਪ੍ਰਧਾਨ ਬਣਨਾ ਬਹੁਤ ਵੱਡਾ ਸਨਮਾਨ ਤੇ ਇਕ ਵੱਡੀ ਜ਼ਿੰਮੇਵਾਰੀ ਹੈ। ਮੈਂ ਇਸ ਵਿੱਚ ਖੜਗੇ ਜੀ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। ਥਰੂਰ ਨੇ ਅੱਗੇ ਕਿਹਾ ਕਿ ਮੇਰੇ ਲਈ ਇਕ ਹਜ਼ਾਰ ਤੋਂ ਵੱਧ ਸਹਿਯੋਗੀਆਂ ਦਾ ਸਮਰਥਨ ਪ੍ਰਾਪਤ ਕਰਨਾ ਤੇ ਪੂਰੇ ਭਾਰਤ ਵਿੱਚ ਕਾਂਗਰਸ ਦੇ ਬਹੁਤ ਸਾਰੇ ਸ਼ੁਭਚਿੰਤਕਾਂ ਦੀਆਂ ਉਮੀਦਾਂ ਤੇ ਇੱਛਾਵਾਂ ਨੂੰ ਅੱਗੇ ਵਧਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਪਾਰਟੀ 'ਚ ਹੁਣ ਭੂਮਿਕਾ ਕੀ ਹੋਵੇਗੀ, ਇਸ ਬਾਰੇ ਉਨ੍ਹਾਂ ਜਵਾਬ ਦਿੱਤਾ। ਰਾਹੁਲ ਨੇ ਕਿਹਾ ਕਿ ਮੈਂ ਆਪਣੀ ਅਤੇ ਕਾਂਗਰਸ ਪ੍ਰਧਾਨ ਦੀ ਭੂਮਿਕਾ ਬਾਰੇ ਕੁਝ ਨਹੀਂ ਕਹਿ ਸਕਦਾ। ਰਾਹੁਲ ਨੇ ਕਿਹਾ ਮੇਰੀ ਭੂਮਿਕਾ ਕੀ ਹੋਵੇਗੀ, ਉਹ ਪਾਰਟੀ ਪ੍ਰਧਾਨ ਤੈਅ ਕਰਨਗੇ।