ਕਾਂਗੜਾ, 15 ਮਈ : ਹਿਮਾਂਚਲ ਦੇ ਕਾਂਗੜਾ ‘ਚ ਇੱਕ ਕੈਂਟਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 100 ਮੀਟਰ ਹੇਠਾਂ ਖੱਡ ‘ਚ ਡਿੱਗਣ ਕਾਰਨ ਪਤੀ-ਪਤਨੀ ਅਤੇ ਧੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਧਰਮਸ਼ਾਲਾ ਦੇ ਅਧੀਨ ਯੋਲ ਦੇ ਨੇੜਲੇ ਉਥਾਗਰਾਨ ‘ਚ ਇੱਕ ਕੈਂਟਰ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗਾ, ਜਿਸ ਕਾਰਨ ਇਸ ਹਾਦਸੇ ‘ਚ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਇੱਕ ਨੇ ਟਾਂਡਾ ਦੇ ਹਸਪਤਾਲ ‘ਚ ਦਮਤੋੜ ਦਿੱਤਾ। ਉਨ੍ਹਾਂ ਤੋਂ ਇਲਾਵਾ 5 ਲੋਕ ਜਖ਼ਮੀ ਹੋ ਗਏ ਹਨ। ਏਐਸਪੀ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੇਸ ਦਰਜ ਕਰਕੇ ਕਾਰਨਾਂ ਦੀ ਜਾਂਚ ਕੀਤੀ ਜੲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਟਰ ‘ਚ ਸਵਾਰ ਲੋਕ ਸ਼ਾਮ ਦੇ ਸਮੇਂ ਕਣਕ ਦੀ ਕਟਾਈ ਕਰਕੇ ਫਸਲ ਨੂੰ ਘਰ ਲੈ ਕੇ ਜਾ ਰਹੇ ਸਨ ਕਿ ਬੇਕਾਬੂ ਹੋ ਕੇ ਕੈਂਟਰ ਪਲਟ ਗਿਆ, ਉਨ੍ਹਾਂ ਦੱਸਿਆ ਕਿ ਕੈਂਟਰ ‘ਚ ਡਰਾਈਵਰ ਤੇ ਬੱਚਿਆਂ ਸਮੇਤ 10 ਲੋਕ ਸਵਾਰ ਸਨ। ਮ੍ਰਿਤਕਾਂ ਦੀ ਪਹਿਚਾਣ ਸੀਤਾ ਦੇਵੀ, ਸੁਨੀਲ ਕਾਂਤ, ਕ੍ਰਿਸ਼ਨਾ, ਮਿਲਾਪ ਚੰਦ, ਆਰਤੀ ਦੇਵੀ ਵਜੋਂ ਹੋਈ ਹੈ। ਜਦੋਂ ਕਿ ਪ੍ਰਿਆ, ਅੰਸ਼ੂ, ਅਭਿਨਵ, ਸਾਕਸ਼ੀ, ਅਨਿਲ ਕਾਂਤ ਗੰਭੀਰ ਜਖ਼ਮੀ ਹੋਏ ਹਨ। ਜਿੰਨ੍ਹਾਂ ਦਾ ਇਲਾਜ ਟਾਂਡਾ ਹਸਪਤਾਲ ‘ਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਉਥੜਾਗ੍ਰਾਂ ਦੇ ਵਾਸੀ ਸਨ। ਪ੍ਰਸ਼ਾਸ਼ਨ ਵੱਲੋਂ ਪੀੜਤਾਂ ਨੂੰ 25-25 ਹਜ਼ਾਰ ਮਾਲੀ ਮੱਦਦ ਦੇਣ ਦਾ ਐਲਾਨ ਕੀਤਾ ਗਿਆ ਹੈ।