ਪਟਨਾ, 23 ਜੂਨ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਅੱਜ ਵਿਰੋਧੀ ਧਿਰ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਨੂੰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਮੀਟਿੰਗ ਮਗਰੋਂ ਵਿਰੋਧੀ ਪਾਰਟੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਹੋਈ....
ਇਕੱਠੇ ਚੋਣ ਲੜਨ ’ਤੇ ਸਹਿਮਤੀ ਬਣੀ ਹੈ : ਨਿਤੀਸ਼ ਕੁਮਾਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਮੁਲਾਕਾਤ ਚੰਗੀ ਰਹੀ ਅਤੇ ਇਕੱਠੇ ਚੋਣ ਲੜਨ ’ਤੇ ਸਹਿਮਤੀ ਬਣੀ ਹੈ। ਇਸ ਮਗਰੋਂ ਅਗਲੀ ਮੀਟਿੰਗ ਸ਼ਿਮਲਾ ਵਿਖੇ ਹੋਵੇਗੀ, ਜਿਸ ਦੌਰਾਨ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ।
"ਭਾਜਪਾ ਲੋਕਤੰਤਰ 'ਤੇ ਹਮਲਾ ਕਰ ਰਹੀ ਹੈ : ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ ਅਤੇ ਭਾਵੇਂ ਇਨ੍ਹਾਂ ਪਾਰਟੀਆਂ 'ਚ ਕੁੱਝ ਮਤਭੇਦ ਹਨ, ਅਸੀਂ ਮਿਲ ਕੇ ਕੰਮ ਕਰਾਂਗੇ। ਮੀਟਿੰਗ ਵਿਚ ਸ਼ਾਮਲ ਹੋਏ ਸਾਰੇ ਨੇਤਾਵਾਂ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਕਿਹਾ, "ਨਿਤੀਸ਼ ਜੀ ਨੇ ਅੱਜ ਦੁਪਹਿਰ ਦੇ ਖਾਣੇ ਵਿਚ ਸਾਨੂੰ ਬਿਹਾਰ ਦੇ ਸਾਰੇ ਪਕਵਾਨ ਖੁਆਏ। ਇਸ ਲਈ ਤੁਹਾਡਾ ਧੰਨਵਾਦ।" ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, "ਭਾਜਪਾ ਲੋਕਤੰਤਰ 'ਤੇ ਹਮਲਾ ਕਰ ਰਹੀ ਹੈ। ਮੈਂ ਮੀਟਿੰਗ 'ਚ ਵੀ ਇਹੀ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਸਾਡੇ ਕੁੱਝ ਮਤਭੇਦ ਹਨ ਪਰ ਅਸੀਂ ਇਕੱਠੇ ਕੰਮ ਕਰਾਂਗੇ। ਅਸੀਂ ਸਾਂਝੀ ਵਿਚਾਰਧਾਰਾ ਦੀ ਲੜਾਈ ਲੜਾਂਗੇ”।
ਅਸੀਂ 2024 ਦੀ ਲੜਾਈ ਇੱਕਜੁੱਟ ਹੋ ਕੇ ਲੜਨੀ ਹੈ, ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਹੈ : ਖੜਗੇ
ਮੱਲਿਕਾਰਜੁਨ ਖੜਗੇ ਨੇ ਕਿਹਾ, "ਵਿਰੋਧੀ ਮੀਟਿੰਗ ਵਿਚ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਦੇ ਨਾਂਅ ਹਨ। ਸਾਰੇ ਨੇਤਾ ਇਕਜੁਟ ਹੋ ਕੇ ਅੱਗੇ ਚੋਣਾਂ ਲੜਨ ਲਈ ਇਕ ਸਾਂਝਾ ਏਜੰਡਾ ਤਿਆਰ ਕਰ ਰਹੇ ਹਨ। ਅਸੀਂ 10 ਜਾਂ 12 ਜੁਲਾਈ ਨੂੰ ਸ਼ਿਮਲਾ ਵਿੱਚ ਮੀਟਿੰਗ ਕਰ ਰਹੇ ਹਾਂ। ਅਸੀਂ 2024 ਦੀ ਲੜਾਈ ਇੱਕਜੁੱਟ ਹੋ ਕੇ ਲੜਨੀ ਹੈ। ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਹੈ। ਅਸੀਂ ਇਸ ਵਿਚ ਜ਼ਰੂਰ ਕਾਮਯਾਬ ਹੋਵਾਂਗੇ।
ਮੋਦੀ ਸਰਕਾਰ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਇਹ ਭਾਰਤ ਦੀਆਂ ਆਖ਼ਰੀ ਆਮ ਚੋਣਾਂ ਹੋਣਗੀਆਂ : ਮਮਤਾ ਬੈਨਰਜੀ
"ਇਸ ਮਗਰੋਂ ਮਮਤਾ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਇਹ ਭਾਰਤ ਦੀਆਂ ਆਖ਼ਰੀ ਆਮ ਚੋਣਾਂ ਹੋਣਗੀਆਂ। ਭਾਜਪਾ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ ਪਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਤਿਹਾਸ ਨੂੰ ਸੰਭਾਲਿਆ ਜਾਵੇ। ਉਨ੍ਹਾਂ ਕਿਹਾ, ''ਅਸੀਂ ਵੀ ਦੇਸ਼ ਦੇ ਨਾਗਰਿਕ ਹਾਂ। ਅਸੀਂ ਤਾਨਾਸ਼ਾਹੀ ਦੇ ਵਿਰੁਧ ਹਾਂ। ਅਸੀਂ ਵੀ ਭਾਰਤ ਮਾਤਾ ਦੀ ਜੈ ਕਹਿੰਦੇ ਹਾਂ। ਜਦੋਂ ਮਣੀਪੁਰ ਸੜਦਾ ਹੈ ਤਾਂ ਅਸੀਂ ਵੀ ਉਦਾਸ ਹੁੰਦੇ ਹਾਂ। ਇਸ ਲਈ ਸਾਨੂੰ ਵਿਰੋਧੀ ਧਿਰ ਨਾ ਕਿਹਾ ਜਾਵੇ”। ਉਨ੍ਹਾਂ ਕਿਹਾ, “ਮੀਡੀਆ ਨੂੰ ਵੀ ਕਾਬੂ ਕੀਤਾ ਗਿਆ ਹੈ। ਜੋ ਵੀ ਭਾਜਪਾ ਵਿਰੁਧ ਹੈ, ਉਨ੍ਹਾਂ 'ਤੇ ਈ.ਡੀ. ਅਤੇ ਸੀ.ਬੀ.ਆਈ. ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਦੀ ਸਰਕਾਰ ਤਾਨਾਸ਼ਾਹ ਹੈ, ਇਨ੍ਹਾਂ ਨੂੰ ਬੇਰੁਜ਼ਗਾਰੀ, ਅਰਥਵਿਵਸਥਾ, ਮਹਿਲਾ ਸੁਰੱਖਿਆ ਅਤੇ ਦਲਿਤਾਂ ਦੀ ਚਿੰਤਾ ਨਹੀਂ ਹੈ।
ਕਾਂਗਰਸ ਦੀ ਚੁੱਪੀ ਉਸ ਦੇ ਅਸਲ ਇਰਾਦਿਆਂ 'ਤੇ ਸ਼ੱਕ ਪੈਦਾ ਕਰਦੀ ਹੈ : ਆਪ ਪਾਰਟੀ
ਪਟਨਾ 'ਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਿਆਨ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਛੱਡ ਕੇ, ਰਾਜ ਸਭਾ ਵਿਚ ਪ੍ਰਤੀਨਿਧਤਾ ਰੱਖਣ ਵਾਲੀਆਂ ਬਾਕੀ ਸਾਰੀਆਂ 11 ਪਾਰਟੀਆਂ ਨੇ 'ਕਾਲੇ ਆਰਡੀਨੈਂਸ' (ਦਿੱਲੀ ਸਰਕਾਰ 'ਤੇ ਕੇਂਦਰ ਦਾ ਆਰਡੀਨੈਂਸ) ਦੇ ਖ਼ਿਲਾਫ਼ ਸਪੱਸ਼ਟ ਤੌਰ 'ਤੇ ਆਪਣਾ ਸਟੈਂਡ ਜ਼ਾਹਰ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਰਾਜ ਸਭਾ ਵਿੱਚ ਇਸ ਦਾ ਵਿਰੋਧ ਕਰਨਗੇ। ਕਾਂਗਰਸ, ਇਕ ਰਾਸ਼ਟਰੀ ਪਾਰਟੀ ਜੋ ਲਗਭਗ ਸਾਰੇ ਮੁੱਦਿਆਂ 'ਤੇ ਸਟੈਂਡ ਲੈਂਦੀ ਹੈ, ਨੇ ਕਾਲੇ ਆਰਡੀਨੈਂਸ 'ਤੇ ਅਜੇ ਤੱਕ ਆਪਣਾ ਸਟੈਂਡ ਜਨਤਕ ਕਰਨਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਦੀ ਚੁੱਪੀ ਉਸ ਦੇ ਅਸਲ ਇਰਾਦਿਆਂ 'ਤੇ ਸ਼ੱਕ ਪੈਦਾ ਕਰਦੀ ਹੈ।
ਮੀਟਿੰਗ 'ਚ ਸ਼ਾਮਿਲ ਆਗੂ
ਇਸ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜੇਡੀਯੂ ਆਗੂ ਨਿਤੀਸ਼ ਕੁਮਾਰ, ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਐਨਸੀਪੀ ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਐਨਸੀ ਆਗੂ ਫਾਰੂਕ ਅਬਦੁੱਲਾ ਸਣੇ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ।