ਗੰਗਟੋਕ, 05 ਅਕਤੂਬਰ : ਉੱਤਰੀ ਸਿੱਕਮ ਦੀ ਗਲੇਸ਼ੀਅਰ ਝੀਲ ਸਾਊਥ ਲਹੋਨਕ ਨੇੜੇ ਮੰਗਲਵਾਰ ਰਾਤ ਨੂੰ ਬੱਦਲ ਫਟਣ ਨਾਲ ਤੀਸਤਾ ਨਦੀ ’ਚ ਆਏ ਹੜ੍ਹ ’ਚ ਅਨੇਕ ਲੋਕ ਰੁੜ੍ਹ ਗਏ। ਫ਼ੌਜ ਦੇ 23 ਜਵਾਨਾਂ ਸਮੇਤ ਸੈਂਕੜੇ ਲਾਪਤਾ ਹਨ ਜਦਕਿ 10 ਲਾਸ਼ਾਂ ਮਿਲੀਆਂ ਹਨ। ਬੰਗਾਲ ਦੇ ਤੀਸਤਾ ਬਰਾਜ ’ਚ ਵੀ ਤਿੰਨ ਲਾਸ਼ਾਂ ਮਿਲੀਆਂ ਹਨ। ਖ਼ਦਸ਼ਾ ਹੈ ਕਿ ਇਹ ਲਾਸ਼ਾਂ ਸਿੱਕਮ ਤੋਂ ਰੁੜ੍ਹ ਕੇ ਆਈਆਂ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਨੈਸ਼ਨਲ ਹਾਈਵੇ 10 ਕਈ ਥਾਈਂ ਟੁੱਟ ਗਿਆ ਹੈ। ਸਿੱਕਮ ਦਾ ਸੜਕੀ ਸੰਪਰਕ ਸਿਲੀਗੁੜੀ ਸਮੇਤ ਦੇਸ਼ ਦੇ ਬਾਕੀ ਹਿੱਸੇ ਤੋਂ ਟੁੱਟ ਗਿਆ ਹੈ। ਸੂਬਾ ਸਰਕਾਰ ਨੇ ਇਸ ਨੂੰ ਆਫ਼ਤ ਐਲਾਨ ਦਿੱਤਾ ਹੈ। ਚਾਰ ਜ਼ਿਲ੍ਹਿਆਂ ’ਚ ਸਕੂਲ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਬਹਤ ਜ਼ਿਆਦਾ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦਾ ਅਸਰ ਰਾਹਤ ਅਤੇ ਬਚਾਅ ਕਾਰਜਾਂ ’ਤੇ ਪੈਣ ਦਾ ਖ਼ਦਸ਼ਾ ਹੈ। ਸੜਕਾਂ ਅਤੇ ਪੁਲ਼ਾਂ ਦੇ ਰੁੜ੍ਹ ਜਾਣ ਅਤੇ ਸੰਚਾਰ ਪ੍ਰਣਾਲੀ ਠੱਪ ਹੋਣ ਨਾਲ ਰਾਹਤ ਤੇ ਬਚਾਅ ਕਾਰਜ ਠੀਕ ਤਰ੍ਹਾਂ ਨਹੀਂ ਚੱਲ ਰਿਹਾ। ਗੰਗਟੋਕ ਤੋਂ 150 ਕਿਲੋਮੀਟਰ ਉੱਤਰੀ ਚੀਨ ਸਰਹੱਦ ਨਾਲ ਲੱਗਦੀ ਗਲੇਸ਼ੀਅਰ ਝੀਲ ਲਹੋਨਕ ਪਹਿਲਾਂ ਤੋਂ ਭਰੀ ਸੀ। ਦੋ ਦਿਨ ਤੋਂ ਮੀਂਹ ਪੈ ਰਿਹਾ ਸੀ। ਮੰਗਲਵਾਰ ਦੇਰ ਰਾਤ ਕਰੀਬ ਸਾਢੇ 12 ਵਜੇ ਤੋਂ ਬਾਅਦ ਬੱਦਲ ਫਟ ਗਿਆ। ਝੀਲ ’ਚ ਪਾਣੀ ਦਾ ਪੱਧਰ ਵਧਣ ਕਾਰਨ ਉਹ ਪਾਣੀ ਨਹੀਂ ਸੰਭਾਲ ਸਕੀ ਅਤੇ ਇਸ ਦੇ ਬੰਨ੍ਹ ਟੁੱਟ ਗਏ। ਇਸ ਨਾਲ ਲਾਚੇਨ ਵੈਲੀ ਤੋਂ ਵਗਣ ਵਾਲੀ ਤੀਸਤਾ ਨਦੀ ’ਚ ਪਾਣੀ ਦਾ ਪੱਧਰ 15 ਤੋਂ 20 ਫੁੱਟ ਉੱਚਾ ਹੋ ਗਿਆ। ਚੁੰਗਥਾਂਗ ਡੈਮ ਟੁੱਟਣ ਨਾਲ ਨਦੀ ’ਚ ਹੋਰ ਪਾਣੀ ਵਧ ਗਿਆ। ਇਸ ਨਾਲ ਭਾਰੀ ਤਬਾਹੀ ਹੋਈ। ਸਿੱਕਮ ਦੇ ਮੰਗਨ, ਪਾਕਯੋਂਗ, ਨਾਮਚੀ ਤੇ ਗੰਗਟੋਕ ਜ਼ਿਲ੍ਹਿਆਂ ’ਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਪਾਕਯੋਂਗ ’ਚ ਤੀਸਤਾ ਕਿਨਾਰੇ ਫਾਰਮਾਸਿਊਟੀਕਲ ਕੰਪਨੀਆਂ ’ਚ ਨੁਕਸਾਨ ਹੋਇਆ ਹੈ। ਤੀਸਤਾ ਨਦੀ ਦੇ ਕਿਨਾਰੇ ਰਹਿਣ ਵਾਲੇ ਤਕਰੀਬਨ 15 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ।ਫ਼ੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਲਾਪਤਾ ਫ਼ੌਜ ਦੇ ਜਵਾਨਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ। ਬਰਦਾਂਗ ’ਚ ਫ਼ੌਜ ਦੀ ਸਥਾਈ ਛਾਉਣੀ ਹੈ। ਦੇਰ ਰਾਤ ਨਦੀ ’ਚ ਹੜ੍ਹ ਆਇਆ ਤਾਂ ਸੰਭਲਣ ਦਾ ਮੌਕਾ ਨਹੀਂ ਮਿਲਿਆ। ਜਵਾਨਾਂ ਦੀ ਤਲਾਸ਼ ’ਚ ਮੁਹਿੰਮ ਚਲਾਈ ਜਾ ਰਹੀ ਹੈ। ਸਭ ਤੋਂ ਵੱਧ ਨੁਕਸਾਨ ਪਾਕਯੋਂਗ ਜ਼ਿਲ੍ਹੇ ਦੇ ਰੰਗਪੋ ’ਚ ਹੋਇਆ ਹੈ, ਜਿੱਥੇ ਉਦਯੋਗਿਕ ਖੇਤਰ ਦੇ ਕਰੀਬ 150 ਘਰ ਨੁਕਸਾਨੇ ਗਏ ਤੇ ਕੁਝ ਪਾਣੀ ’ਚ ਰੁੜ੍ਹ ਗਏ। ਪਾਕਯੋਂਗ ਦੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਬੱਦਲ ਫਟਣ ਅਤੇ ਨਦੀ ’ਚ ਪਾਣੀ ਦਾ ਪੱਧਰ ਵਧਣ ਦੀ ਸੂਚਨਾ ਮਿਲਣ ’ਤੇ ਸਿੰਗਤਾਮ ਅਤੇ ਰੰਗਪੇ ਦੇ ਨਾਗਰਿਕਾਂ ਨੂੰ ਦੇਰ ਰਾਤ ਦੋ ਵਜੇ ਤੋਂ ਬਾਅਦ ਸੁਰੱਖਿਅਤ ਥਾਵਾਂ ਲਈ ਕੱਢਿਆ ਗਿਆ ਪਰ 20 ਜਣੇ ਹਾਲੇ ਵੀ ਲਾਪਤਾ ਹਨ। ਰੰਗਪੋ ਤੇ ਸਿੰਗਤਾਮ ਦਰਮਿਆਨ ਨੈਸ਼ਨਲ ਹਾਈਵੇ-10 ਸਥਿਤ 21 ਮਾਈਲ ’ਚ ਸੜਕ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਦੋ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਵੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜਾਂ ’ਚ ਐੱਸਡੀਆਰਐੱਫ, ਐੱਨਡੀਆਰਐੱਫ ਅਤੇ ਹੋਰ ਲੋਕ ਲੱਗੇ ਹੋਏ ਹਨ। ਬੁੱਧਵਾਰ ਸਵੇਰੇ ਮੁੱਖ ਮੰਤਰੀ ਪ੍ਰੇਮ ਸਿੰਘ ਤਾਮਾਂਗ ਨੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ।