ਨਵੀਂ ਦਿੱਲੀ, 23 ਦਸੰਬਰ : ਦਿੱਲੀ ਦੇ ਉਪ ਰਾਜਪਾਲ (ਐਲ.ਜੀ.) ਵੀ.ਕੇ. ਸਕਸੈਨਾ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ ‘ਕੁਆਲਿਟੀ ਟੈਸਟ ਫੇਲ੍ਹ’ ਅਤੇ ‘ਜੀਵਨ ਨੂੰ ਖ਼ਤਰੇ ’ਚ ਪਾਉਣ ਵਾਲੀਆਂ ਦਵਾਈਆਂ’ ਦੀ ਕਥਿਤ ਸਪਲਾਈ ਦੀ ਸੀ.ਬੀ.ਆਈ. ਜਾਂਚ ਦੀ ਸਿਫਾਰਸ਼ ਕੀਤੀ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਮਾਮਲੇ ’ਤੇ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਖਰੀਦੀਆਂ ਗਈਆਂ ਦਵਾਈਆਂ ਦਾ ਆਡਿਟ ਕਰਨ ਦੇ ਹੁਕਮ ਦਿਤੇ ਸਨ, ਪਰ ਸਿਹਤ ਸਕੱਤਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਨੌਕਰਸ਼ਾਹ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਵੀ ਮੰਗ ਕੀਤੀ। ਭਾਰਦਵਾਜ ਨੇ ‘ਐਕਸ’ ’ਤੇ ਕਈ ਪੋਸਟਾਂ ’ਚ ਦੋਸ਼ੀ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਭਾਰਦਵਾਜ ਨੇ ਪੋਸਟ ’ਚ ਕਿਹਾ, ‘‘ਮੈਂ 9 ਮਾਰਚ 2023 ਨੂੰ ਅਹੁਦਾ ਸੰਭਾਲਿਆ ਸੀ। ਸੀ.ਪੀ.ਏ. ਜਾਂ ਹੋਰ ਸਾਧਨਾਂ ਰਾਹੀਂ ਖਰੀਦੀਆਂ ਗਈਆਂ ਦਵਾਈਆਂ ਦੇ ਆਡਿਟ ਲਈ 21 ਮਾਰਚ 2023 ਨੂੰ ਹੁਕਮ ਦਿਤੇ। ਸਿਹਤ ਸਕੱਤਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।’’ ਉਨ੍ਹਾਂ ਕਿਹਾ, ‘‘24 ਜੁਲਾਈ, 2023 ਨੂੰ ਸਿਹਤ ਸਕੱਤਰ ਤੋਂ ਮੁੜ ਕਾਰਵਾਈ ਰੀਪੋਰਟ ਮੰਗੀ ਗਈ ਸੀ। ਹਾਲਾਂਕਿ ਸਿਹਤ ਸਕੱਤਰ ਵਲੋਂ ਕੋਈ ਜਵਾਬ ਨਹੀਂ ਆਇਆ। ਦਵਾਈਆਂ ਦੀ ਖਰੀਦ ਡੀ.ਜੀ.ਐਚ.ਐਸ. ਅਧੀਨ ਆਉਂਦੀ ਹੈ ਅਤੇ ਵਿਭਾਗ ਦੀ ਅਗਵਾਈ ਸਿਹਤ ਸਕੱਤਰ ਕਰਦੇ ਹਨ।’’ਉਨ੍ਹਾਂ ਕਿਹਾ, ‘‘ਦੋ ਮਹੀਨੇ ਪਹਿਲਾਂ 23 ਅਕਤੂਬਰ ਨੂੰ ਮੈਂ ਉਪ ਰਾਜਪਾਲ ਨੂੰ ਸਿਹਤ ਸਕੱਤਰ ਐਸ.ਬੀ. ਦੀਪਕ ਕੁਮਾਰ ਅਤੇ ਡੀ.ਜੀ.ਐਚ.ਐਸ. ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ। ਉਸ ਵਿਰੁਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਘੱਟੋ-ਘੱਟ ਹੁਣ ਉਸ ਨੂੰ ਮੁਅੱਤਲ ਕਰ ਦਿਉ।’’
ਸਰਕਾਰੀ ਹਸਪਤਾਲਾਂ ’ਚ ਦਿਤੀਆਂ ਜਾ ਰਹੀਆਂ ਦਵਾਈਆਂ ਦੇ ਨਮੂਨੇ ਫੇਲ੍ਹ
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਨੇ ਇਸ ਮੁੱਦੇ ’ਤੇ ਦਿੱਲੀ ਦੇ ਸਿਹਤ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਜਦਕਿ ਕਾਂਗਰਸ ਦੀ ਦਿੱਲੀ ਇਕਾਈ ਨੇ ਕਿਹਾ ਕਿ ਇਹ ‘ਗੰਭੀਰ ਮਾਮਲਾ’ ਹੈ ਅਤੇ ਜਾਂਚ ਤੋਂ ਬਾਅਦ ਮੁਲਜ਼ਮਾਂ ਵਿਰੁਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਦਸਿਆ ਕਿ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਲਿਖੇ ਨੋਟ ’ਚ ਉਪ ਰਾਜਪਾਲ ਨੇ ਕਿਹਾ ਹੈ ਕਿ ਇਹ ਚਿੰਤਾਜਨਕ ਹੈ ਕਿ ਇਹ ਦਵਾਈਆਂ ਲੱਖਾਂ ਮਰੀਜ਼ਾਂ ਨੂੰ ਦਿਤੀਆਂ ਜਾ ਰਹੀਆਂ ਹਨ। ਕੁਮਾਰ ਨੂੰ ਲਿਖੇ ਨੋਟ ’ਚ ਕਿਹਾ ਗਿਆ ਹੈ, ‘‘ਮੈਂ ਫਾਈਲ ਵੇਖੀ ਹੈ। ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ। ਮੈਂ ਇਸ ਤੱਥ ਤੋਂ ਦੁਖੀ ਹਾਂ ਕਿ ਲੱਖਾਂ ਬੇਸਹਾਰਾ ਲੋਕਾਂ ਅਤੇ ਮਰੀਜ਼ਾਂ ਨੂੰ ਨਕਲੀ ਦਵਾਈਆਂ ਦਿਤੀਆਂ ਜਾ ਰਹੀਆਂ ਹਨ ਜੋ ਕੁਆਲਿਟੀ ਦੇ ਮਿਆਰੀ ਟੈਸਟਾਂ ’ਚ ਫੇਲ੍ਹ ਹੋ ਗਈਆਂ ਹਨ।’’ਅਪਣੇ ਨੋਟ ’ਚ ਉਪ ਰਾਜਪਾਲ ਨੇ ਕਿਹਾ ਕਿ ਦਿੱਲੀ ਸਿਹਤ ਸੇਵਾ (ਡੀ.ਐਚ.ਐਸ.) ਅਧੀਨ ਕੇਂਦਰੀ ਖਰੀਦ ਏਜੰਸੀ (ਸੀ.ਪੀ.ਏ.) ਵਲੋਂ ਖਰੀਦੀਆਂ ਗਈਆਂ ਇਹ ਦਵਾਈਆਂ ਦਿੱਲੀ ਸਰਕਾਰ ਦੇ ਹਸਪਤਾਲਾਂ ਨੂੰ ਸਪਲਾਈ ਕੀਤੀਆਂ ਗਈਆਂ ਸਨ ਅਤੇ ਹੋ ਸਕਦਾ ਹੈ ਕਿ ਮੁਹੱਲਾ ਕਲੀਨਿਕਾਂ ਨੂੰ ਵੀ ਸਪਲਾਈ ਕੀਤੀਆਂ ਗਈਆਂ ਹੋਣ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਇਕ ਪ੍ਰੈਸ ਕਾਨਫਰੰਸ ’ਚ ਭਾਰਦਵਾਜ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਲੈਬਾਂ ਅਤੇ ਵਿਜੀਲੈਂਸ ਰੀਪੋਰਟਾਂ ਹਨ। ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ ਦਿਤੀਆਂ ਜਾ ਰਹੀਆਂ ਦਵਾਈਆਂ ਦੇ ਨਮੂਨੇ ਫੇਲ੍ਹ ਹੋ ਗਏ ਹਨ। ਅਸੀਂ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਣੇ ਸਿਹਤ ਮੰਤਰੀ ਨੂੰ ਤੁਰਤ ਬਰਖਾਸਤ ਕਰਨ।
ਸਰਕਾਰ ਵਿਸਥਾਰਤ ਅਧਿਐਨ ਤੋਂ ਬਾਅਦ ਜਵਾਬ ਦੇਵੇਗੀ : ਗੋਪਾਲ ਰਾਏ
ਦਿੱਲੀ ਦੇ ਵਾਤਾਵਰਣ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਕਨਵੀਨਰ ਗੋਪਾਲ ਰਾਏ ਤੋਂ ਜਦੋਂ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਿਸਥਾਰਤ ਜਵਾਬ ਦੇਵੇਗੀ। ਰਾਏ ਨੇ ਕਿਹਾ ਕਿ ਉਸ ਨੇ ਕੇਸ ਦੇ ਵੇਰਵੇ ਨਹੀਂ ਵੇਖੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਿਸਥਾਰਤ ਅਧਿਐਨ ਤੋਂ ਬਾਅਦ ਜਵਾਬ ਦੇਵੇਗੀ। ਪਰ ਮਾਮਲਿਆਂ ਨੂੰ ਜਾਂਚ ਲਈ ਸੀ.ਬੀ.ਆਈ. ਕੋਲ ਭੇਜਣ ਦੀ ਅਜਿਹੀ ਪ੍ਰਣਾਲੀ ਸਰਕਾਰ ਦੇ ਕੰਮ ’ਚ ਰੁਕਾਵਟ ਪਾਉਣ ਦਾ ਸਾਧਨ ਬਣ ਗਈ ਹੈ। ਅਧਿਕਾਰ ਮਾਮਲਿਆਂ ’ਤੇ ਫੈਸਲਾ ਕਰਨਾ ਬੰਦ ਕਰ ਦਿੰਦੇ ਹਨ। ਪਰ ਇਸ ਮਾਮਲੇ ’ਚ ਸਰਕਾਰ ਇਸ ਦਾ ਅਧਿਐਨ ਕਰੇਗੀ।
ਨਕਲੀ ਦਵਾਈਆਂ ਖਰੀਦਣ ਦੇ ਮਾਮਲੇ ਦੀ ਸੀਬੀਆਈ ਜਾਂਚ ਦੇ ਦਿੱਤੇ ਹੁਕਮ
ਵਿਜੀਲੈਂਸ ਵਿਭਾਗ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਨਕਲੀ ਦਵਾਈਆਂ ਦੇ ਸਬੰਧ ਵਿੱਚ ਆਪਣੀ ਰਿਪੋਰਟ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਐਲਜੀ ਸਕਸੈਨਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਅਤੇ ਸੀਬੀਆਈ ਜਾਂਚ ਦੇ ਨਿਰਦੇਸ਼ ਦਿੱਤੇ ਹਨ।