ਸ਼ਿਮਲਾ, 07 ਮਾਰਚ : ਠਿਓਗ-ਹਾਟਕੋਟੀ ਹਾਈਵੇਅ ਸ਼ਿਮਲਾ ਵਿੱਚ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਵਿੱਚ ਪਟਿਆਲ਼ਾ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਸ਼ਿਮਲਾ ਤੋਂ ਠਿਓਗ ਜਾ ਰਿਹਾ ਸੀ। ਇਸ ਦੌਰਾਨ ਇਹ ਕਾਰ ਬੇਕਾਬੂ ਹੋ ਕੇ ਕਰੀਬ 300 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਵਿੱਚ ਸਿਰਫ਼ ਇੱਕ ਵਿਅਕਤੀ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਰਵਿੰਦਰ ਸਿੰਘ ਰਾਏਤਾ ਨੇ ਦੱਸਿਆ ਕਿ ਉਹ ਆਪਣੇ ਬਾਗ ਵਿੱਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਉਸ ਨੇ ਕਾਰ ਡਿੱਗਣ ਦੀ ਆਵਾਜ਼ ਸੁਣੀ। ਜਦੋਂ ਉਹ ਕੁਝ ਲੋਕਾਂ ਨਾਲ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਕਾਰ ਨੰਬਰ (ਪੀ.ਬੀ. 01ਸੀ-8221) ਡਿੱਗੀ ਪਈ ਸੀ। ਕਾਰ ਵਿੱਚ ਇੱਕ ਵਿਅਕਤੀ ਸੀ। ਉਕਤ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।ਮ੍ਰਿਤਕ ਦੀ ਪਛਾਣ ਸਤਪਾਲ ਸਿੰਘ ਪੁੱਤਰ ਵਿਜੇਪਾਲ ਸਿੰਘ ਵਾਸੀ ਮਕਾਨ ਨੰਬਰ 26 ਵਿਸ਼ਿਸ਼ਟ ਸਦਨ, ਸ਼ਾਂਤੀ ਨਗਰ, ਜ਼ਿਲ੍ਹਾ ਪਟਿਆਲਾ ਪੰਜਾਬ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ। ਪੁਲੀਸ ਨੇ ਆਈਪੀਸੀ ਦੀ ਧਾਰਾ 279, 304 (ਏ) ਤਹਿਤ ਕੇਸ ਦਰਜ ਕਰ ਲਿਆ ਹੈ। ਮਕੈਨੀਕਲ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।