ਦੇਹਰਾਦੂਨ, 23 ਮਾਰਚ : ਉੱਤਰਾਖੰਡ ਦੇ ਟਨਕਪੁਰ ਵਿੱਚ ਇੱਕ ਪਾਰਕਿੰਗ ਵਿੱਚ ਸੁੱਤੇ ਸ਼ਰਧਾਲੂਆਂ ਨੂੰ ਬੱਸ ਨੇ ਕੁਚਲ ਦਿੱਤਾ, ਜਿਸ ਕਾਰਨ 5 ਲੋਕਾਂ ਦੀ ਮੌਤ ਅਤੇ 8 ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਮੌਕੇ ਤੇ ਪੁੱਜੀ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਜਖ਼ਮੀਆਂ ਨੁੰ ਇਲਾਜ ਲਈ ਜਿਲ੍ਹਾ ਚੰਪਾਵਤ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੱਸ ਦੇ ਹੇਠਾਂ ਆਉਣ ਕਾਰਨ ਤਿੰਨ ਔਰਤਾਂ ਸਮੇਤ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਉੱਤਰਾਖੰਡ ਦੇ ਚੰਪਾਵਤ ਜ਼ਿਲੇ ਦੇ ਥੁਲੀਗੜ੍ਹ ਪਿੰਡ 'ਚ ਵੀਰਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਸ਼ਰਧਾਲੂ ਮਾਂ ਪੂਰਨਗਿਰੀ ਮੇਲੇ ਤੋਂ ਵਾਪਸ ਆ ਰਹੇ ਸਨ। ਪੁਲਸ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖਮੀ ਉੱਤਰ ਪ੍ਰਦੇਸ਼ ਦੇ ਬਦਾਊਨ ਅਤੇ ਬਹਿਰਾਇਚ ਜ਼ਿਲਿਆਂ ਦੇ ਰਹਿਣ ਵਾਲੇ ਸਨ ਜੋ ਟਨਕਪੁਰ 'ਚ ਮਾਂ ਪੂਰਨਗਿਰੀ ਮੇਲੇ 'ਚ ਆਏ ਹੋਏ ਸਨ। ਪੁਲਸ ਨੇ ਦੱਸਿਆ ਕਿ ਹਾਦਸਾ ਪਾਰਕਿੰਗ ਵਾਲੀ ਥਾਂ 'ਤੇ ਉਸ ਸਮੇਂ ਹੋਇਆ ਜਦੋਂ ਇਕ ਨਿੱਜੀ ਬੱਸ ਦਾ ਡਰਾਈਵਰ ਬੱਸ ਨੂੰ ਪਾਰਕ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਬੱਸ ਰੁਕਣ ਦੀ ਬਜਾਏ ਇੱਕ ਢਲਾਨ ਵੱਲ ਅੱਗੇ ਵਧਦੀ ਗਈ ਜਿਸ ਵਿੱਚ ਦਰਜਨ ਭਰ ਸ਼ਰਧਾਲੂਆਂ ਨੂੰ ਕੁਚਲ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਇਕ ਸ਼ਰਧਾਲੂ ਨੇ ਬਾਅਦ ਵਿਚ ਦਮ ਤੋੜ ਦਿੱਤਾ ਅਤੇ 7 ਜ਼ਖਮੀ ਹੋ ਗਏ ਜਿਨ੍ਹਾਂ ਨੂੰ ਟਨਕਪੁਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਮਾਇਆ ਰਾਮ (29), ਬਦਰੀਨਾਥ (43) ਅਤੇ ਰਾਮਦੇਈ (30) (ਸਾਰੇ ਬਹਿਰਾਇਚ ਦੇ ਸੋਹਰਾਓ), ਨੇਤਰਾਵਤੀ (20) ਅਤੇ ਅਮਰਾਵਤੀ (26) (ਦੋਵੇਂ ਬਦਾਊਨ ਜ਼ਿਲ੍ਹੇ ਦੇ ਬਿਲਸੀ ਦੇ ਰਹਿਣ ਵਾਲੇ) ਵਜੋਂ ਕੀਤੀ ਹੈ। ਵੀਰਵਾਰ ਨੂੰ ਟਨਕਪੁਰ 'ਚ ਆਯੋਜਿਤ ਸਰਸ ਮੇਲੇ 'ਚ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਉਤਰਾਖੰਡ ਦੀ ਮਹਿਲਾ ਸਸ਼ਕਤੀਕਰਨ ਅਤੇ ਬਾਲ ਵਿਕਾਸ ਮੰਤਰੀ ਰੇਖਾ ਆਰਿਆ ਇਸ ਦਰਦਨਾਕ ਹਾਦਸੇ ਦੀ ਖਬਰ ਸੁਣ ਕੇ ਪ੍ਰਸ਼ਾਸਨ ਦੇ ਨਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਹਸਪਤਾਲ ਪਹੁੰਚੀ। ਆਰੀਆ ਤੋਂ ਇਲਾਵਾ ਪੁਲਿਸ ਕਮਿਸ਼ਨਰ ਦੀਪਕ ਰਾਵਤ, ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਨਰਿੰਦਰ ਸਿੰਘ ਭੰਡਾਰੀ ਅਤੇ ਪੁਲਿਸ ਸੁਪਰਡੈਂਟ (ਐਸਪੀ) ਅਮਿਤ ਸ੍ਰੀਵਾਸਤਵ ਵੀ ਜ਼ਖ਼ਮੀਆਂ ਨੂੰ ਮਿਲਣ ਲਈ ਹਸਪਤਾਲ ਪੁੱਜੇ। ਚੰਪਾਵਤ ਦੇ ਡੀਐਮ ਭੰਡਾਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 1-ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਐਕਸ-ਗ੍ਰੇਸ਼ੀਆ ਰਾਹਤ ਵਜੋਂ ਦਿੱਤੇ ਜਾਣਗੇ।