ਅੰਮ੍ਰਿਤਸਰ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ 10.248 ਕਿਲੋਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ 

ਅੰਮ੍ਰਿਤਸਰ, 18 ਮਈ 2025 : ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਵੱਡੀ ਕਾਰਵਾਈ ਕਰਦਿਆਂ, ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਅੰਤਰਰਾਸ਼ਟਰੀ ਨਾਰਕੋ ਕਾਰਟੈਲ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ 10.248 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਸੰਦੀਪ ਸਿੰਘ ਪਿਛਲੇ 6 ਸਾਲਾਂ ਤੋਂ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਸੀ। ਉਸਦੀ ਗ੍ਰਿਫ਼ਤਾਰੀ ਨਾਲ ਇੱਕ ਵੱਡੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਇਸਲਾਮਾਬਾਦ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗਿਰੋਹ ਦੇ ਮੈਂਬਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  ਐਤਵਾਰ ਸ਼ਾਮ ਨੂੰ ਪੁਲਿਸ ਲਾਈਨ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਸੀਪੀ ਗੁਰਪ੍ਰੀਤ ਸਿੰਘ ਭੁੱਲਰ, ਡੀਸੀਪੀ ਰਵਿੰਦਰ ਪਾਲ ਸਿੰਘ, ਏਸੀਪੀ (ਡੀ) ਹਰਮਿੰਦਰ ਸਿੰਘ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ (30) ਵਾਸੀ ਕੋਟਲੀ ਵਸਾਲਾ ਸਿੰਘ ਪੱਟੀ ਥਾਣੇ ਦੇ ਅਧੀਨ ਤਰਨਤਾਰਨ, ਆਕਾਸ਼ਦੀਪ ਸਿੰਘ ਵਾਸੀ ਚੀਮਾ ਕਲਾਂ ਪਿੰਡ ਅਤੇ ਆਕਾਸ਼ ਸਿੰਘ ਉਰਫ਼ ਮੋਟਾ ਵਜੋਂ ਹੋਈ ਹੈ। ਸੰਦੀਪ ਮੂਲ ਰੂਪ ਵਿਚ ਇਕ ਕਿਸਾਨ ਹੈ ਅਤੇ ਆਪਣੇ ਪਰਿਵਾਰ ਨਾਲ ਆਪਣੀ ਜ਼ਮੀਨ 'ਤੇ ਖੇਤੀ ਕਰਦਾ ਹੈ। ਜਦੋਂ ਕਿ ਆਕਾਸ਼ਦੀਪ ਸਿੰਘ ਨਾਈ ਦੀ ਦੁਕਾਨ ਚਲਾਉਂਦਾ ਹੈ ਅਤੇ ਆਕਾਸ਼ ਸਿੰਘ ਉਰਫ਼ ਮੋਟਾ ਮਜ਼ਦੂਰ ਵਜੋਂ ਕੰਮ ਕਰਦਾ ਹੈ। ਸੀਪੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸੰਦੀਪ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ ਅਤੇ ਉਹ 2018 ਤੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਇਸ ਦੀ ਸਪਲਾਈ ਕਰ ਰਿਹਾ ਹੈ। ਹਾਲਾਂਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਸੰਦੀਪ ਦੀਆਂ ਗਤੀਵਿਧੀਆਂ ਬਾਰੇ ਕੋਈ ਸੁਰਾਗ ਨਹੀਂ ਸੀ। ਸੀਪੀ ਨੇ ਕਿਹਾ ਕਿ ਜਿਵੇਂ ਹੀ ਪਾਕਿਸਤਾਨੀ ਤਸਕਰ ਡਰੋਨ ਰਾਹੀਂ ਭਾਰਤੀ ਸਰਹੱਦ 'ਤੇ ਹੈਰੋਇਨ ਦੀ ਖੇਪ ਸੁੱਟਦੇ ਸਨ, ਉਹ ਤੁਰੰਤ ਸੰਦੀਪ ਨੂੰ ਲੋਕੇਸ਼ਨ ਭੇਜ ਦਿੰਦੇ ਸਨ। ਇਸ ਤੋਂ ਬਾਅਦ ਸੰਦੀਪ ਹੈਰੋਇਨ ਦੀ ਖੇਪ ਚੁੱਕ ਲੈਂਦਾ ਸੀ ਅਤੇ ਇਸ ਨੂੰ ਟਿਕਾਣੇ ਲਗਾ ਦਿੰਦਾ ਸੀ। ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੰਦੀਪ ਅੱਧਾ ਕਿਲੋਗ੍ਰਾਮ ਤੱਕ ਦੀਆਂ ਛੋਟੀਆਂ ਖੇਪਾਂ ਨੂੰ ਸਿਰ ’ਤੇ ਬੰਨਣ ਵਾਲੇ ਪਰਨੇ ਆਦਿ ਵਿਚ ਲੁਕਾਉਣ ਦਾ ਮਾਹਰ ਹੈ। ਕਈ ਵਾਰ ਉਹ ਸੜਕ 'ਤੇ ਸੂਏ, ਨਾਲਿਆਂ ਆਦਿ ਵਿੱਚ ਹੈਰੋਇਨ ਦੀਆਂ ਵੱਡੀਆਂ ਖੇਪਾਂ ਲੁਕਾ ਦਿੰਦਾ ਸੀ ਅਤੇ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਸੀ, ਇਸ ਨੂੰ ਟਿਕਾਣੇ ਲਗਾ ਦਿੰਦਾ ਸੀ। ਸੀਪੀ ਨੇ ਕਿਹਾ ਕਿ ਸੰਦੀਪ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਪਿਛਲੇ ਸੱਤ ਸਾਲਾਂ ਵਿਚ ਉਸ ਨੇ 200 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਰਹੱਦ ਪਾਰ ਕਰਕੇ ਦਿੱਲੀ, ਮੁੰਬਈ ਅਤੇ ਪੰਜਾਬ ਦੇ ਵੱਖ-ਵੱਖ ਜ਼ਿਿਲ੍ਹਆਂ ਵਿੱਚ ਭੇਜੀ ਹੈ।