ਮੁਜ਼ੱਫਰਪੁਰ, 14 ਸਤੰਬਰ : ਬਿਹਾਰ ਦੇ ਮੁਜ਼ੱਫਰਪੁਰ ਦੀ ਬਾਗਮਤੀ ਨਦੀ ‘ਚ ਵੱਡਾ ਹਾਦਸਾ ਵਾਪਰ ਗਿਆ। ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਨਦੀ ਵਿੱਚ ਡੁੱਬ ਗਈ। ਇਹ ਹਾਦਸਾ ਗਾਈਘਾਟ ਥਾਣਾ ਖੇਤਰ ਦੇ ਬੇਨਿਆਬਾਦ ਓਪੀ ਵਿੱਚ ਸਵੇਰੇ 9.30 ਵਜੇ ਵਾਪਰਿਆ। ਕਿਸ਼ਤੀ ਵਿੱਚ 30 ਤੋਂ ਵੱਧ ਬੱਚੇ ਸਵਾਰ ਸਨ। ਹੁਣ ਤੱਕ 20 ਬੱਚਿਆਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। 16 ਬੱਚੇ ਅਜੇ ਵੀ ਲਾਪਤਾ ਹਨ। SDRF-NDRF ਦੀ ਟੀਮ ਗਾਈਘਾਟ ਅਤੇ ਬੇਨਿਆਬਾਦ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚ ਗਈ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਨੂੰ ਵੀ ਬੱਚੇ ਕਿਸ਼ਤੀ ’ਤੇ ਸਕੂਲ ਜਾ ਰਹੇ ਸਨ। ਕਿਸ਼ਤੀ ‘ਤੇ 30 ਤੋਂ ਵੱਧ ਬੱਚੇ ਸਵਾਰ ਸਨ। ਤੇਜ਼ ਵਹਾਅ ਕਾਰਨ ਕਿਸ਼ਤੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ। ਹਾਦਸੇ ਤੋਂ ਬਾਅਦ ਕਿਸ਼ਤੀ ‘ਚ ਸਵਾਰ ਬੱਚਿਆਂ ‘ਚ ਰੌਲਾ ਪੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪਿੰਡ ਦੇ ਹੀ ਇੱਕ ਚਸ਼ਮਦੀਦ ਨੇ ਦੱਸਿਆ ਕਿ ਇੱਕ ਲੜਕੇ ਨੇ ਦੋ ਲੋਕਾਂ ਨੂੰ ਬਚਾਇਆ। ਉਹ ਹੋਰ ਲੋਕਾਂ ਨੂੰ ਬਚਾਉਣ ਲਈ ਫਿਰ ਨਦੀ ਵਿੱਚ ਚਲਾ ਗਿਆ ਪਰ ਤੇਜ਼ ਵਹਾਅ ਕਾਰਨ ਉਹ ਖੁਦ ਵੀ ਡੁੱਬ ਗਿਆ। ਕਿਸ਼ਤੀ ‘ਤੇ 9ਵੀਂ ਅਤੇ 10ਵੀਂ ਜਮਾਤ ਦੇ ਬੱਚੇ ਸਵਾਰ ਸਨ ਜੋ ਸਕੂਲ ਜਾ ਰਹੇ ਸਨ। ਕਿਸ਼ਤੀ ‘ਤੇ ਬੱਚਿਆਂ ਨਾਲ ਪਿੰਡ ਦੇ ਕੁਝ ਲੋਕ ਵੀ ਸਵਾਰ ਸਨ। ਕੁਝ ਲੋਕ ਕੰਮ ਕਰਨ ਜਾ ਰਹੇ ਸੀ ਅਤੇ ਕੁਝ ਚੀਜ਼ਾਂ ਲੈਣ ਲਈ। ਡੀਐਮ ਪ੍ਰਣਵ ਕੁਮਾਰ ਨੇ ਦੱਸਿਆ ਕਿ ਸਾਰੀਆਂ ਟੀਮਾਂ ਬਚਾਅ ਵਿੱਚ ਲੱਗੀਆਂ ਹੋਈਆਂ ਹਨ। ਕਿੰਨੇ ਲੋਕ ਡੁੱਬ ਗਏ ਹਨ, ਇਸ ਦਾ ਅੰਕੜਾ ਦੱਸਣਾ ਮੁਸ਼ਕਲ ਹੈ। 14 ਤੋਂ 15 ਲੋਕ ਸਾਹਮਣੇ ਆਏ ਹਨ। ਸਾਡੀ ਪਹਿਲੀ ਤਰਜੀਹ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। SDO ਈਸਟ ਅਮਿਤ ਕੁਮਾਰ ਨੇ ਕਿਹਾ ਕਿ ਸਾਡਾ ਮੁੱਖ ਧਿਆਨ ਬੱਚਿਆਂ ਨੂੰ ਸੁਰੱਖਿਅਤ ਕੱਢਣ ‘ਤੇ ਹੈ। ਕਿੰਨੇ ਲੋਕ ਡੁੱਬ ਗਏ ਹਨ, ਇਸ ਬਾਰੇ ਅਜੇ ਕੋਈ ਸਪੱਸ਼ਟ ਅੰਕੜਾ ਨਹੀਂ ਹੈ। ਡੁੱਬਣ ਵਾਲਿਆਂ ਵਿੱਚ ਬੱਚੇ, ਔਰਤਾਂ, ਨੌਜਵਾਨ ਅਤੇ ਬਜ਼ੁਰਗ ਸ਼ਾਮਲ ਹਨ। ਕਿਸ਼ਤੀ ਕਿਨਾਰੇ ‘ਤੇ ਪਲਟ ਗਈ, ਜਿਸ ਕਾਰਨ ਬਹੁਤ ਸਾਰੇ ਲੋਕ ਬਚ ਕੇ ਬਾਹਰ ਆ ਗਏ। ਦੱਸਿਆ ਜਾ ਰਿਹਾ ਹੈ ਕਿ ਜਿਸ ਸਥਾਨ ‘ਤੇ ਇਹ ਹਾਦਸਾ ਹੋਇਆ ਹੈ, ਉੱਥੇ ਦੇ ਲੋਕ ਕਈ ਸਾਲਾਂ ਤੋਂ ਪੁਲ ਦੀ ਮੰਗ ਕਰ ਰਹੇ ਹਨ। ਲੋਕ ਸ਼ਾਰਟਕੱਟ ਲਈ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ। ਬੱਚੇ ਵੀ ਸ਼ਾਰਟਕੱਟ ਲੈਣ ਲਈ ਕਿਸ਼ਤੀ ਰਾਹੀਂ ਸਕੂਲ ਜਾਂਦੇ ਹਨ। ਦੂਜੇ ਪਾਸੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਡੀਐਮ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਜੋ ਵੀ ਜ਼ਖਮੀ ਹੋਏ ਹਨ, ਸਰਕਾਰ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ।