- ਛਾਪੇਮਾਰੀ ਕਰਨ ਗਈ ਪੁਲਿਸ ਟੀਮ 'ਤੇ ਅੰਨ੍ਹੇਵਾਹ ਕੀਤੀ ਸੀ ਗੋਲੀਬਾਰੀ, 8 ਪੁਲਿਸ ਮੁਲਾਜ਼ਮਾਂ ਦੀ ਹੋਈ ਸੀ ਮੌਤ
ਕਾਨਪੁਰ, 5 ਸਤੰਬਰ : ਬਿਕਰੂ ਗੈਂਗਸਟਰ ਮਾਮਲੇ 'ਚ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਇਆ। ਜਿਸ ਵਿੱਚ 30 ਵਿੱਚੋਂ 23 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਸਾਰੇ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੂਜੇ ਪਾਸੇ ਸਬੂਤਾਂ ਦੀ ਘਾਟ ਕਾਰਨ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ । ਕੇਸ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਅਦਾਲਤੀ ਕੰਪਲੈਕਸ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ 2 ਜੁਲਾਈ 2020 ਨੂੰ ਵਿਕਾਸ ਦੂਬੇ ਗੈਂਗ ਅਤੇ ਇਸ ਦੇ ਹੋਰ ਸਾਥੀਆਂ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਦੇ ਚੌਬੇਪੁਰ ਇਲਾਕੇ ਦੇ ਪਿੰਡ ਬਿਕਰੂ 'ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਇਸ ਘਟਨਾ 'ਚ 8 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਿਸ ਵਿਚ ਵਿਕਾਸ ਦੂਬੇ STF ਮੁਕਾਬਲੇ 'ਚ ਮਾਰਿਆ ਗਿਆ ਸੀ। ਮਾਮਲੇ ਵਿੱਚ ਪੁਲਿਸ ਨੇ 30 ਮੁਲਜ਼ਮਾਂ ਖ਼ਿਲਾਫ਼ ਗੈਂਗਸਟਰ ਕਾਰਵਾਈ ਕੀਤੀ ਸੀ, ਜਿਨ੍ਹਾਂ ਦੀ ਸੁਣਵਾਈ ਅੱਜ ਅੱਪਰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਪੰਚਮ ਵਿੱਚ ਚੱਲ ਰਹੀ ਹੈ। ਅਦਾਲਤ ਨੇ ਬਿਕਰੂ ਪਿੰਡ ਦਾ ਹੀਰੂ ਦੂਬੇ, ਸ਼ਿਆਮੂ ਬਾਜਪਾਈ, ਜਹਾਨ ਯਾਦਵ, ਦਯਾਸ਼ੰਕਰ ਅਗਨੀਹੋਤਰੀ, ਬਬਲੂ ਮੁਸਲਿਮ, ਰਾਮੂ ਬਾਜਪਾਈ, ਸ਼ਸ਼ੀਕਾਂਤ ਪਾਂਡੇ, ਸ਼ਿਵਮ ਦੂਬੇ, ਗੋਵਿੰਦ ਸੈਣੀ, ਉਮਾਕਾਂਤ, ਸ਼ਿਵਮ ਦੂਬੇ ਉਰਫ਼ ਦਲਾਲ, ਸ਼ਿਵ ਤਿਵਾੜੀ, ਸ਼ਿਵ ਰਾਮ ਸਿੰਘ ਜ਼ਿਲ੍ਹਾ ਕੁਲੈਕਟਰ, ਯਾਕੂਬ ਸਿੰਘ, ਜੈ ਬਾਜਪਾਈ, ਧੀਰੇਂਦਰ ਕੁਮਾਰ, ਮਨੀਸ਼, ਸੁਰੇਸ਼, ਗੋਪਾਲ, ਵੀਰ ਸਿੰਘ, ਰਾਹੁਲ ਪਾਲ, ਅਖਿਲੇਸ਼ ਉਰਫ਼ ਸ਼ਿਆਮਜੀ, ਛੋਟੂ ਸ਼ੁਕਲਾ ਸਮੇਤ 23 ਜਣਿਆਂ ਨੂੰ ਗੈਂਗਸਟਰ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤੋਂ ਇਲਾਵਾ ਗੁਡਨ, ਪ੍ਰਸ਼ਾਂਤ, ਸੁਸ਼ੀਲ ਕੁਮਾਰ, ਬਾਲਾਗੋਵਿੰਦ, ਰਾਜੇਂਦਰ ਮਿਸ਼ਰਾ, ਰਮੇਸ਼ਚੰਦਰ ਅਤੇ ਸੰਜੇ ਨੂੰ ਸਬੂਤਾਂ ਘਾਟ ਕਾਰਨ ਬਰੀ ਕਰ ਦਿੱਤਾ ਗਿਆ।