ਮਹਾਰਾਸ਼ਟਰ : ਮਹਾਰਾਸ਼ਟਰ ‘ਚ ਬਾਂਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਹਾਲ ਹੀ ‘ਚ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਜੇ ਕਿਸੇ ਵਿਆਹੁਤਾ ਔਰਤ ਨੂੰ ਪਰਿਵਾਰ ਲਈ ਘਰ ਦੇ ਕੰਮ ਕਰਨ ਲਈ ਕਿਹਾ ਜਾਵੇ, ਇਸ ਲਈ ਉਸ ਨੂੰ ਨੌਕਰਾਣੀ ਵਾਂਗ ਕੰਮ ਕਰਨਾ ਨਹੀਂ ਮੰਨਿਆ ਜਾਵੇਗਾ ਅਤੇ ਇਸ ਨੂੰ ਜ਼ੁਲਮ ਨਹੀਂ ਮੰਨਿਆ ਜਾਵੇਗਾ। ਹਾਈਕੋਰਟ ਦੀ ਜਸਟਿਸ ਵਿਭਾ ਕੰਕਨਵਾੜੀ ਅਤੇ ਜਸਟਿਸ ਰਾਜੇਸ਼ ਐਸ ਪਾਟਿਲ ਦੀ ਡਵੀਜ਼ਨ ਬੈਂਚ ਨੇ ਆਈਪੀਸੀ ਦੀ ਧਾਰਾ 498ਏ ਤਹਿਤ ਪਤੀ ਅਤੇ ਸਹੁਰੇ ਵਾਲਿਆਂ ਖ਼ਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰ ਦਿੱਤਾ। ਦਰਅਸਲ, ਔਰਤ ਨੇ ਘਰੇਲੂ ਹਿੰਸਾ ਅਤੇ ਬੇਰਹਿਮੀ ਦੇ ਤਹਿਤ ਵੱਖ ਹੋ ਚੁੱਕੇ ਪਤੀ ਅਤੇ ਉਸਦੇ ਮਾਪਿਆਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ, ਜਿਸ ਨੂੰ ਹਾਈ ਕੋਰਟ ਨੇ ਖਾਰਿਜ ਕਰ ਦਿੱਤਾ। ਜਸਟਿਸ ਵਿਭਾ ਕੰਕਨਵਾੜੀ ਅਤੇ ਜਸਟਿਸ ਰਾਜੇਸ਼ ਪਾਟਿਲ ਦੀ ਡਿਵੀਜ਼ਨ ਬੈਂਚ ਨੇ 21 ਅਕਤੂਬਰ ਨੂੰ ਵਿਅਕਤੀ ਅਤੇ ਉਸਦੇ ਮਾਤਾ-ਪਿਤਾ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰ ਦਿੱਤਾ। ਔਰਤ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਸੀ ਕਿ ਵਿਆਹ ਤੋਂ ਇਕ ਮਹੀਨੇ ਤੱਕ ਹੀ ਉਸ ਨਾਲ ਚੰਗਾ ਵਿਵਹਾਰ ਕੀਤਾ ਗਿਆ ਪਰ ਉਸ ਤੋਂ ਬਾਅਦ ਉਸ ਨਾਲ ਘਰੇਲੂ ਨੌਕਰ ਵਰਗਾ ਸਲੂਕ ਕੀਤਾ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦਾ ਪਤੀ ਅਤੇ ਸੱਸ ਵਿਆਹ ਤੋਂ ਇਕ ਮਹੀਨੇ ਬਾਅਦ ਫੋਰ ਵ੍ਹੀਲਰ ਖਰੀਦਣ ਲਈ 4 ਲੱਖ ਰੁਪਏ ਦੀ ਮੰਗ ਕਰਨ ਲੱਗੇ, ਉਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਦਾ ਪਤੀ ਇਸ ਮੰਗ ਨੂੰ ਲੈ ਕੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਦਾ ਹੈ। ਬਾਂਬੇ ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਔਰਤ ਨੇ ਸਿਰਫ਼ ਇਹ ਕਿਹਾ ਸੀ ਕਿ ਉਸ ਉੱਤੇ ਤਸ਼ੱਦਦ ਕੀਤਾ ਗਿਆ ਸੀ, ਪਰ ਉਸ ਨੇ ਆਪਣੀ ਸ਼ਿਕਾਇਤ ਵਿੱਚ ਅਜਿਹੇ ਕਿਸੇ ਖਾਸ ਕੰਮ ਦਾ ਜ਼ਿਕਰ ਨਹੀਂ ਕੀਤਾ ਸੀ।