
ਮੁੰਬਈ, 16 ਜਨਵਰੀ 2025 : 90 ਦੇ ਦਹਾਕੇ ਦੇ ਦਿੱਗਜ ਫਿਲਮ ਅਦਾਕਾਰ ਸੈਫ ਅਲੀ ਖਾਨ ਤੇ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿੱਚ ਦਾਖਿਲ ਹੋਕੇ ਹੀ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਹਮਲੇ ਮਗਰੋਂ ਸੈਫ ਅਲੀ ਖਾਨ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਅੰਦਰ ਦਾਖਿਲ ਵੀ ਕਰਵਾਇਆ ਗਿਆ ਹੈ। ਦੇਰ ਰਾਤ ਇੱਕ ਅਣਜਾਣ ਵਿਅਕਤੀ ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸਦੀ ਨੌਕਰਾਣੀ ਨਾਲ ਬਹਿਸ ਕੀਤੀ। ਜਦੋਂ ਅਦਾਕਾਰ ਸੈਫ ਅਲੀ ਖਾਨ ਨੇ ਦਖਲ ਦੇਣ ਅਤੇ ਉਸ ਆਦਮੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸੈਫ ਅਲੀ ਖਾਨ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੀਲਾਵਤੀ ਹਸਪਤਾਲ ਦੇ ਸੀਈਓ ਨੀਰਜ ਉਤਮਣੀ ਨੇ ਦੱਸਿਆ ਕਿ ਸੈਫ ਅਲੀ ਖਾਨ ਨੂੰ ਸਵੇਰੇ ਸਾਢੇ ਤਿੰਨ ਵਜੇ ਲੀਲਾਵਤੀ (ਹਸਪਤਾਲ) ਲਿਆਂਦਾ ਗਿਆ। ਉਸ ਨੂੰ 6 ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ ਡੂੰਘੀਆਂ ਹਨ। ਉਸ ਦੀ ਰੀੜ੍ਹ ਦੀ ਹੱਡੀ ਦੇ ਕੋਲ ਸੱਟ ਲੱਗੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵਿਸਥਾਰ ਵਿੱਚ ਨਹੀਂ ਦੱਸਿਆ ਪਰ ਕਿਹਾ ਕਿ ਜਾਂਚ ਜਾਰੀ ਹੈ। ਮੁੰਬਈ ਦੇ ਸੰਯੁਕਤ ਸੀਪੀ ਲਾਅ ਐਂਡ ਆਰਡਰ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੈਫ ਨੂੰ ਬੀਤੀ ਰਾਤ ਇਲਾਜ ਲਈ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਸੀ, ਅਤੇ ਸ਼ੱਕੀਆਂ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ। ਸੈਫ ਸ਼ਰਮੀਲਾ ਟੈਗੋਰ ਅਤੇ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਦਾ ਪੁੱਤਰ ਹੈ। ਅਭਿਨੇਤਾ ਨੇ 1993 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਹ ਓਮਕਾਰਾ, ਦਿਲ ਚਾਹਤਾ ਹੈ, ਕਲ ਹੋ ਨਾ ਹੋ, ਅਤੇ ਤਨਹਾਜੀ: ਦਿ ਅਨਸੰਗ ਵਾਰੀਅਰ ਵਰਗੀਆਂ ਫਿਲਮਾਂ ਵਿੱਚ ਆਪਣੇ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਦੋਸ਼ੀ ਦੀ ਪਛਾਣ ਹੋ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਵੀ ਹੋਏ ਹਨ। ਸੈਫ ਅਲੀ ਖ਼ਾਨ 'ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਇਸ ਸਮੇਂ ਫਿਲਮ ਜਗਤ 'ਚ ਹਲਚਲ ਮਚੀ ਹੋਈ ਹੈ। ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਤੇ ਨਿਰਾਸ਼ ਨਜ਼ਰ ਆ ਰਿਹਾ ਹੈ। ਸੈਫ ਦੇ ਹਮਲੇ ਨੂੰ ਲੈ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕ੍ਰਾਈਮ ਬ੍ਰਾਂਚ ਦੇ ਡੀਸੀਪੀ ਦੀਕਸ਼ਿਤ ਗੇਡਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ-ਸੈਫ ਅਲੀ ਖ਼ਾਨ ਦੇ ਘਰ ਚੋਰੀ ਦੀ ਨੀਅਤ ਨਾਲ ਹਮਲਾਵਰ ਦਾਖਲ ਹੋਇਆ ਸੀ। ਉਹ ਪੌੜੀਆਂ ਰਾਹੀਂ ਅਦਾਕਾਰ ਦੇ ਘਰ ਅੰਦਰ ਪਹੁੰਚਿਆ। ਸੀਸੀਟੀਵੀ ਕੈਮਰੇ ਰਾਹੀਂ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਇਸ ਮਾਮਲੇ ਦੀ ਜਾਂਚ ਲਈ 10 ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਬਾਂਦਰਾ ਪੁਲਿਸ ਸਟੇਸ਼ਨ 'ਚ ਰਿਪੋਰਟ ਦਰਜ ਕਰਵਾਈ ਗਈ ਹੈ। ਸੈਫ ਅਲੀ ਖ਼ਾਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਜਲਦ ਤੋਂ ਜਲਦ ਹਿਰਾਸਤ 'ਚ ਲਿਆ ਜਾਵੇਗਾ। ਇਸ ਤਰ੍ਹਾਂ ਸੈਫ ਅਲੀ ਖ਼ਾਨ ਹਮਲੇ ਦੇ ਮਾਮਲੇ 'ਤੇ ਮੁੰਬਈ ਪੁਲਿਸ ਵੱਲੋਂ ਬਿਆਨ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕ੍ਰਾਈਮ ਬ੍ਰਾਂਚ ਨੇ ਇਸ ਘਟਨਾ ਨੂੰ ਲੈ ਕੇ ਸੈਫ ਦੇ ਘਰ ਦੀ ਨੌਕਰਾਣੀ ਤੋਂ ਵੀ ਪੁੱਛਗਿੱਛ ਕੀਤੀ ਤੇ ਇਸ ਤੋਂ ਇਲਾਵਾ ਘਰ ਦੇ ਸਟਾਫ ਦੇ ਦੋ ਹੋਰ ਮੈਂਬਰਾਂ ਨੂੰ ਵੀ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ।