ਨਾਗਾਂਵ, 8 ਮਾਰਚ : ਅਸਮ ਦੇ ਨਾਗਾਂਵ ਤੇ ਮੋਰੀਗਾਂਵ ਜ਼ਿਲ੍ਹਿਆਂ ਤੋਂ ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਦੀ ਸਪਲਾਈ ਕਰਨ ਦੇ ਦੋਸ਼ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਵਿਦੇਸ਼ੀ ਦੂਤਘਰ ਦੇ ਨਾਲ ਰੱਖਿਆ ਸੂਚਨਾਵਾਂ ਨੂੰ ਸਾਂਝਾ ਕਰਨ ਲਈ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਹੈਂਡਸੈੱਟ ਸਣੇ ਕਈ ਮੋਬਾਈਲ ਫੋਨ, ਸਿਮ ਕਾਰਡ ਤੇ ਹੋਰ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ। ਅਸਮ ਪੁਲਿਸ ਦੇ ਬੁਲਾਰੇ ਪ੍ਰਸ਼ਾਂਤ ਭੂਈਆ ਨੇ ਕਿਹਾ ਕਿ ਇੰਟੈਲੀਜੈਂਸ ਬਿਊਰੋ ਅਤੇ ਹੋਰ ਸਰੋਤਾਂ ਤੋਂ ਮਿਲੇ ਇਨਪੁਟਸ ਦੇ ਆਧਾਰ ‘ਤੇ ਮੰਗਲਵਾਰ ਰਾਤ ਨੂੰ ਕੀਤੇ ਗਏ ਅਪਰੇਸ਼ਨ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੁਫੀਆ ਇਨਪੁਟ ਸਨ ਕਿ ਇਨ੍ਹਾਂ ਦੋ ਜ਼ਿਲ੍ਹਿਆਂ ਦੇ ਲਗਭਗ 10 ਲੋਕ ਧੋਖਾਦੇਹੀ ਨਾਲ ਕਈ ਕੰਪਨੀਆਂ ਦੇ ਸਿਮ ਕਾਰਡ ਹਾਸਲ ਕਰਨ ਤੇ ਉਨ੍ਹਾਂ ਨੂੰ ਕੁਝ ਪਾਕਿਸਤਾਨੀ ਏਜੰਟਾਂ ਨੂੰ ਸਪਲਾਈ ਕਰਨ ਵਿਚ ਸ਼ਾਮਲ ਹਨ। ਇਸ ਤਰ੍ਹਾਂ ਇਹ ਲੋਕ ਰਾਸ਼ਟਰ ਦੀ ਅਖੰਡਤਾ ਤੇ ਪ੍ਰਭੂਸੱਤਾ ਖਿਲਾਫ ਕੰਮ ਕਰ ਰਹੇ ਹਨ। 5 ਮੁਲਜ਼ਮਾਂ ਨੂੰ ਮੰਗਲਵਾਰ ਰਾਤ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਨਾਗਾਂਵ ਦੇ ਆਸ਼ਿਕੁਲ ਇਸਲਾਮ, ਬੋਡੋਰ ਉਦੀਨ ਮਿਜਾਨੁਰ ਰਹਿਮਾਨ ਤੇ ਵਹੀਦੂਜ ਜਮਾਨ ਤੇ ਮੋਰੀਗਾਂਵ ਦੇ ਬਹਾਰੂਲ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਤੇ ਹੋਰ ਪੰਜ ਫਰਾਰ ਮੁਲਜ਼ਮਾਂ ਦੇ ਘਰਾਂ ਤੋਂ ਬਰਾਮਦ ਸਾਮਾਨਾਂ ਤੋਂ 18 ਮੋਬਾਈਲ ਫੋਨ, 136 ਸਿਮ ਕਾਰਡ, ਇਕ ਫਿੰਗਰਪ੍ਰਿੰਟ ਸਕੈਨਰ, ਇਕ ਹਾਈਟੈੱਕ ਸੀਪੀਯੂ ਤੇ ਹੋਰ ਕੁਝ ਦਸਤਾਵੇਜ਼ ਜਿਵੇਂ ਜਨਮ ਪ੍ਰਮਾਣ ਪੱਤਰ, ਪਾਸਬੁੱਕ ਤੇ ਫੋਟੋਆਂ ਸ਼ਾਮਲ ਹਨ। ਪੁੱਛਗਿਛ ਦੌਰਾਨ ਪਤਾ ਲੱਗਾ ਕਿ ਆਸ਼ਿਕੁਲ ਇਸਲਾਮ ਦੋ IMEI ਨੰਬਰ ਵਾਲੇ ਇਕ ਮੋਬਾਈਲ ਹੈਂਡਸੈੱਟ ਦਾ ਇਸਤੇਮਾਲ ਕਰ ਰਿਹਾ ਸੀ ਜਿਸ ਤੋਂ ਇਕ ਵ੍ਹਟਸਐਪ ਕਾਲ ਕੀਤਾ ਗਿਆ ਸੀ ਜੋ ਇਕ ਵਿਦੇਸ਼ੀ ਦੂਤਘਰ ਦੇ ਨਾਲ ਰੱਖਿਆ ਜਾਣਕਾਰੀ ਸਾਂਝੀ ਕਰ ਰਿਹਾ ਸੀ। ਉਸ ਕੋਲ ਖਾਸ ਮੋਬਾਈਲ ਫੋਨ ਮਿਲਿਆ ਹੈ।