- 24 ਜਨਵਰੀ ਤੱਕ ਲਏ ਜਾਣਗੇ ਦਾਅਵੇ ਤੇ ਇਤਰਾਜ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ
ਮੋਗਾ, 2 ਜਨਵਰੀ 2025 : ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ੍ਹ ਵੱਲੋਂ ਪ੍ਰਾਪਤ ਪੱਤਰ ਰਾਹੀਂ ਨਿਰਧਾਰਿਤ ਫ਼ਾਰਮ 3(1) ਵਿੱਚ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 2(9) ਅਧੀਨ ਸਿੱਖ ਦੀ ਪਰਿਭਾਸ਼ਾ ਸਬੰਧੀ ਸਵੈ-ਘੋਸ਼ਣਾ ਦਰਜ਼ ਕਰਨ ਵਿੱਚ ਸੋਧ ਕੀਤੀ ਗਈ ਹੈ ਅਤੇ ਸਿੱਖ ਗੁਰਦੁਆਰਾ ਇਲੈਕਸ਼ਨਜ਼ ਰੂਲਜ਼ 1959 ਜੋ ਸਮੇਂ-ਸਮੇਂ ਸਿਰ ਸੋਧੇ ਗਏ ਹਨ, ਦੇ ਰੂਲ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਮਿਤੀ 21 ਅਕਤੂਬਰ 2023 ਤੋਂ ਮਿਤੀ 15 ਦਸੰਬਰ 2024 ਤੱਕ ਪ੍ਰਾਪਤ ਹੋਏ ਫ਼ਾਰਮਾਂ ਦੇ ਅਧਾਰ ਤੇ ਤਿਆਰ ਕੀਤੀ ਗਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ 2025 ਨੂੰ ਕੀਤੀ ਜਾ ਰਹੀ ਹੈ। ਤਿਆਰ ਕੀਤੀ ਗਈ ਵੋਟਰ ਸੂਚੀ ਸਬੰਧਤ ਰਿਵਾਇਜਿੰਗ ਅਥਾਰਟੀ ਦੇ ਦਫ਼ਤਰ ਵਿੱਚ ਦੇਖਣ ਲਈ ਉਪਲੱਬਧ ਹੈ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰਵਾਉਣ ਉਪਰੰਤ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਮਿਤੀ 3 ਜਨਵਰੀ 2025 ਤੋਂ 24 ਜਨਵਰੀ 2025 ਤੱਕ ਦਾਅਵੇ/ਇਤਰਾਜ਼ ਸਮੂਹ ਰਿਵਾਇੰਜਿੰਗ ਅਥਾਰਟੀਜ਼ ਵੱਲੋਂ ਪ੍ਰਾਪਤ ਕੀਤੇ ਜਾਣੇ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਉਕਤ ਦੇ ਮੱਦੇਨਜਰ ਜੇਕਰ ਕਿਸੇ ਵੱਲੋਂ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਕੋਈ ਦਾਅਵਾ (ਫ਼ਾਰਮ-1 ਕੇਸਾਧਾਰੀ ਸਿੱਖ ਲਈ) ਅਤੇ ਇਤਰਾਜ (ਦਰਖਾਸਤ ਰਾਹੀਂ) ਜਮ੍ਹਾਂ ਕਰਵਾਉਣਾਂ ਹੈ ਤਾਂ ਉਹ ਸਬੰਧਿਤ ਰਿਵਾਇਜ਼ਿੰਗ ਅਥਾਰਿਟੀ ਪਾਸ ਮਿਤੀ 24 ਜਨਵਰੀ 2025 ਤੱਕ ਦੇ ਸਕਦਾ ਹੈ। ਉਹਨਾਂ ਦੱਸਿਆ ਕਿ ਬੋਰਡ ਚੋਣ ਹਲਕਾ ਨੰਬਰ 22-ਧਰਕਮੋਟ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਧਰਮਕੋਟ, 23-ਮੋਗਾ ਦੀ ਐਸ.ਡੀ.ਐਮ. ਦਫਤਰ ਮੋਗਾ, 24-ਬੱਧਨੀਂ ਕਲਾਂ ਤੇ 25-ਨਿਹਾਲ ਸਿੰਘ ਵਾਲਾ ਦੀ ਐਸ.ਡੀ.ਐਮ. ਨਿਹਾਲ ਸਿੰਘ ਵਾਲਾ, 26-ਬਾਘਾਪੁਰਾਣਾ ਦੀ ਐਸ.ਡੀ.ਐਮ. ਬਾਘਾਪੁਰਾਣਾ, 27-ਘੱਲ ਕਲਾਂ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਮੋਗਾ ਹੈ। ਸਬੰਧਤਾਂ ਵੱਲੋਂ ਇਹਨਾਂ ਦਫਤਰਾਂ ਵਿੱਚ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸਿਰਫ ਉਨ੍ਹਾਂ ਬਿਨੈਕਾਰਾਂ ਪਾਸੋਂ ਹੀ ਫਾਰਮ ਪ੍ਰਾਪਤ ਕੀਤੇ ਜਾਣੇ ਹਨ, ਜੋ ਸਿੱਖ ਗੁਰਦੁਆਰਾ ਬੋਰਡ ਰੂਲਜ਼ 1959 ਦੇ ਰੂਲ 3 ਤਹਿਤ ਫਾਰਮ ਨੰ ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਉਹਨਾਂ ਇਸ ਕੰਮ ਵਿੱਚ ਲੱਗੇ ਸਟਾਫ ਨੂੰ ਆਦੇਸ਼ ਦਿੱਤੇ ਕਿ ਫਾਰਮ ਨੰ ਇੱਕ ਪ੍ਰਾਪਤ ਕਰਨ ਸਮੇਂ ਇਸ ਵੱਲ ਖਾਸ ਧਿਆਨ ਦਿੱਤਾ ਜਾਵੇ ਕਿ ਵੋਟਰ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ। ਵੋਟਰ ਸੂਚੀ ਦੀ ਤਿਆਰੀ ਲਈ ਲਗਾਏ ਗਏ ਕਰਮਚਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਬਿਨੈਕਾਰ ਪਾਸੋਂ ਫਾਰਮ ਨਿੱਜੀ ਤੌਰ ਤੇ ਹੀ ਪ੍ਰਾਪਤ ਕੀਤੇ ਜਾਣ, ਬੰਡਲਾਂ ਦੇ ਰੂਪ ਵਿਚ ਬਿਲਕੁੱਲ ਵੀ ਫਾਰਮ ਪ੍ਰਾਪਤ ਨਾ ਕਰਨ। ਫਾਰਮ ਨੰ 1 ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬ-ਸਾਈਟ https://moga.nic.in ਤੇ ਉਪਲੱਭਧ ਕਰਵਾ ਦਿੱਤਾ ਗਿਆ ਹੈ।