ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨਾਲ-ਨਾਲ ਨਕਾਰਾਤਮਕ ਪ੍ਰਭਾਵਾਂ ਤੋਂ ਵੀ ਬਚਾਉਣ ਦੀ ਲੋੜ:ਐੱਸ.ਡੀ.ਐਮ.ਚੇਤਨ ਬੰਗੜ

ਸ੍ਰੀ ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਪਿੰਡ ਪਹੇੜੀ ਵਿੱਚ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਆਂਗਨਵਾੜੀ ਵਰਕਰਜ਼ ਹਰਪਿੰਦਰ ਕੌਰ ਅਤੇ ਸਤਿਆ ਦੇਵੀ ਵੱਲੋਂ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ, ਸ਼੍ਰੀਮਤੀ ਹਰਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਦੇ ਬੱਚਿਆਂ ਤੋਂ ਨੁੱਕੜ ਨਾਟਕ ਤਿਆਰ ਕਰਵਾ ਕੇ ਪੇਸ਼ ਕੀਤਾ ਗਿਆ, ਜਿਸ ਦਾ ਬੱਚਿਆਂ ਵੱਲੋਂ ਸ਼ਾਨਦਾਰ ਮੰਚਨ ਕੀਤਾ ਗਿਆ। ਸਮਾਜਕ ਅਤੇ ਸੱਭਿਆਚਾਰਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ, ਬੱਚਿਆਂ ਨੇ ਅਦਾਕਾਰੀ ਰਾਹੀਂ ਨਸ਼ਿਆਂ ਦੀ ਮਾਰ ਅਤੇ ਇਹਨਾਂ ਦੇ ਭਿਆਨਕ ਅੰਜਾਮਾਂ ਨੂੰ ਦਰਸ਼ਕਾਂ ਦੇ ਸਾਹਮਣੇ ਰੱਖਿਆ। ਇਹ ਜਾਣਾਕਰੀ ਸਾਂਝੀ ਕਰਦਿਆਂ ਐੱਸ.ਡੀ.ਐਮ., ਅਮਲੋਹ, ਸ਼੍ਰੀ ਚੇਤਨ ਬੰਗੜ ਨੇ ਦੱਸਿਆ ਕਿ ਨਾਟਕ ਰਾਹੀਂ ਇਹ ਦਿਖਾਇਆ ਗਿਆ ਕਿ ਨਸ਼ਾ ਨਿਰਾ ਇਕ ਵਿਅਕਤੀ ਦੀ ਜ਼ਿੰਦਗੀ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ। ਨਾਟਕ ਵਿੱਚ ਭਾਵਨਾਵਾਂ, ਦਰਦ, ਪਛਤਾਵਾ ਅਤੇ ਆਖ਼ਿਰਕਾਰ ਬਚਾਅ ਦਾ ਸੁਨੇਹਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਸ਼੍ਰੀ ਚੇਤਨ ਬੰਗੜ ਨੇ ਕਿਹਾ ਕਿ ਸਾਨੂੰ ਨੌਜਵਾਨ ਪੀੜ੍ਹੀ ਨੂੰ ਸਿਰਫ ਨਸ਼ਿਆਂ ਤੋਂ ਹੀ ਨਹੀਂ, ਸਗੋਂ ਨਕਾਰਾਤਮਕ ਪ੍ਰਭਾਵਾਂ ਤੋਂ ਵੀ ਬਚਾਉਣ ਦੀ ਲੋੜ ਹੈ। ਇਹ ਨਾਟਕ ਸਾਡੇ ਸਮਾਜ ਲਈ ਇੱਕ ਸ਼ੀਸ਼ਾ ਹੈ। ਸਮਾਗਮ ਦੌਰਾਨ ਦਰਸ਼ਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ। ਦਰਸ਼ਕਾਂ ਨੇ ਕਲਾਕਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਾਟਕ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਗੰਭੀਰ ਕੋਸ਼ਿਸ਼ ਹੈ। ਇਸ ਮੌਕੇ ਵੱਡੀ ਗਿਣਤੀ ਵਿਦਿਆਰਥੀ ਤੇ ਪਿੰਡ ਵਾਸੀ ਹਾਜ਼ਰ ਸਨ।