ਮਾਲੇਰਕੋਟਲਾ 28 ਨਵੰਬਰ 2024 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਸੰਭਾਵਿਤ ਹਮਲੇ ਦੇ ਮੱਦੇ ਨਜ਼ਰ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਟੀਮ ਵਿੱਚ ਖੇਤੀਬਾੜੀ ਅਫਸਰ ਡਾਕਟਰ ਕੁਲਵੀਰ ਸਿੰਘ, ਡਾਕਟਰ ਕੁਲਦੀਪ ਕੌਰ ਏ.ਡੀ.ਓ, ਡਾਕਟਰ ਰਾਕੇਸ਼ ਕੁਮਾਰ ਏ.ਡੀ.ਓ, ਮਿਸ ਇੰਦਰਦੀਪ ਕੌਰ ਅਤੇ ਸ੍ਰੀ ਹਰਿਮਿੰਦਰ ਸਿੰਘ ਖੇਤੀ ਉਪ-ਨਿਰੀਖਿਕ ਸ਼ਾਮਿਲ ਹਨ । ਇਸ ਸਬੰਧੀ ਟੀਮ ਦੁਆਰਾ ਜਾਣਕਾਰੀ ਸਾਂਝੀ ਕੀਤੀ ਗਈ ਕਿ ਗੁਲਾਬੀ ਸੁੰਡੀ ਦਾ ਹਮਲਾ ਅਗੇਤੀ ਬੀਜੀ ਫਸਲ ਵਿੱਚ ਵੱਧ ਦੇਖਣ ਨੂੰ ਮਿਲਦਾ ਹੈ ਅਤੇ ਖਾਸ ਤੌਰ ਤੇ ਜੇਕਰ ਆਸ ਪਾਸ ਦੇ ਖੇਤਾਂ ਵਿੱਚ ਝੋਨੇ ਦੀ ਪਿੱਛੇਤੀ ਵਾਢੀ ਕੀਤੀ ਗਈ ਹੈ। ਇਹ ਸੁੰਡੀਆ ਕਣਕ ਦੇ ਛੋਟੇ ਬੂਟਿਆਂ ਵਿੱਚ ਤਣੇ ਅੰਦਰ ਮੋਰੀਆਂ ਕਰਕੇ ਅੰਦਰ ਜਾ ਕੇ ਅੰਦਰਲਾ ਮਾਦਾ ਖਾਂਦੀਆਂ ਹਨ ਜਿਸ ਨਾਲ ਬੂਟੇ ਪੀਲੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਮਰ ਜਾਂਦੇ ਹਨ। ਇਸ ਸਮੇਂ ਉਹਨਾਂ ਕਿਸਾਨ ਭਰਾਵਾਂ ਨੂੰ ਆਪਣੀ ਫਸਲ ਦਾ ਲਗਾਤਾਰ ਨਿਰੀਖਣ ਕਰਨ ਅਤੇ ਕਣਕ ਦੀ ਫਸਲ ਨੂੰ ਪਾਣੀ ਦਿਨ ਸਮੇਂ ਹੀ ਲਾਉਣ ਦੀ ਸਲਾਹ ਦਿੱਤੀ ਤਾਂ ਜੋ ਵੱਧ ਤੋਂ ਵੱਧ ਦੁਸ਼ਮਣ ਕੀੜੇ ਪੰਛੀਆਂ ਦਾ ਸ਼ਿਕਾਰ ਬਣ ਸਕਣ ਅਤੇ ਜਾਣਕਾਰੀ ਦਿੱਤੀ ਕਿ ਜੇਕਰ ਫਸਲ ਵਿੱਚ ਇਸ ਕੀਟ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਤਾਂ ਪੀ.ਏ.ਯੂ ਦੁਆਰਾ ਸਿਫਾਰਸ ਕੀਟਨਾਸਕ ਜਿਵੇਂ ਕਿ 50 ਐਮ.ਐਲ ਕੋਰਾਜਨ 18.5% ਐਸ.ਸੀ (ਕਲੋਰਐਟਰਾਨੀਲੀਪਰੋਲ) ਜਾਂ 400 ਐਮ.ਐਲ ਏਕਾਲਕਸ 25% ਈ.ਸੀ (ਕੁਇਨਲਫੋਸ) 80-100 ਲੀਟਰ ਪਾਣੀ ਵਿੱਚ ਮਿਕਸ ਕਰਕੇ ਪਿੱਠੂ ਪੰਪ ਨਾਲ ਛਿੜਕਾ ਕੀਤਾ ਜਾ ਸਕਦਾ ਹੈ ਜਾਂ 7 ਕਿਲੋ ਫਿਪਰੋਨਿਲ ਜਾਂ 1 ਲੀਟਰ ਕਲੋਰਪੈਰੀਫੋਸ 20% ਈ.ਸੀ ਦਵਾਈ ਨੂੰ 20 ਕਿਲੋ ਸਿਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੋਂ ਪਹਿਲਾਂ ਛਿੱਟਾ ਦਿੱਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਿਸਾਨ ਭਰਾ ਆਪਣੇ ਨਜ਼ਦੀਕੀ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।