ਪੇਟ 'ਚ ਕੀੜਿਆਂ ਕਾਰਨ ਕੂਪੌਸ਼ਣ ਤੇ ਸਰੀਰ 'ਚ ਹੁੰਦੀ ਹੈ ਖੂਨ ਦੀ ਕਮੀ : ਡਾ. ਰਿੰਕੂ ਚਾਵਲਾ

  • ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਖਵਾਈਆਂ ਗਈਆਂ ਅਲਬੈਂਡਾਜੋਲ ਦੀਆਂ ਗੋਲੀਆਂ

ਫਾਜ਼ਿਲਕਾ 28 ਨਵੰਬਰ 2024 : ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਅਤੇ ਡੀਐਫਪੀਓ ਡਾ. ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹੇ ਭਰ ਦੇ ਸਰਕਾਰੀ ਸੀਨੀਅਰ ਸਕੈਂਡਰੀ, ਸਰਕਾਰੀ ਪ੍ਰਾਇਮਰੀ ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਇਵੇਟ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਡੀ-ਵਾਰਮਿੰਗ ਡੇਅ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਡੀ ਵਾਰਮਿੰਗ ਡੇਅ ਸਬੰਧੀ ਇਕ ਪ੍ਰੋਗਰਾਮ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਰਨੀਖੇੜਾ ਵਿਚ ਮਨਾਇਆ ਗਿਆ। ਜਿਸ ਵਿਚ ਨੋਡਲ ਅਫਸਰ ਡਾ. ਰਿੰਕੂ ਚਾਵਲਾ ਨੇ ਬੱਚਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮੰਜੂ ਠਕਰਾਲ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਆਪਣੇ ਸੰਬੋਧਨ ਵਿਚ ਨੋਡਲ ਅਫਸਰ ਡਾ. ਰਿੰਕੂ ਚਾਵਲਾ ਨੇ ਦਸਿਆ ਕਿ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਭਰ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਤੇ ਨੈਸ਼ਨਲ ਡੀ ਵਾਰਮਿੰਗ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਕੂਲਾਂ ਵਿਚ ਇਕ ਤੋਂ 19 ਸਾਲ ਤੱਕ ਦੇ ਜਿਲ੍ਹੇ ਭਰ ਦੇ ਕਰੀਬ 3 ਲੱਖ 15 ਹਜਾਰ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀਆਂ ਗੋਲੀਆਂ ਖਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੇਟ ਵਿਚ ਕੀੜੇ ਹੋਣ ਨਾਲ ਕੁਪੌਸ਼ਣ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ, ਸਰੀਰ ਵਿਚ ਥਕਾਵਟ ਰਹਿੰਦੀ ਹੈ, ਸੰਪੂਰਨ ਸਰੀਰਿਕ ਵਿਕਾਸ ਅਤੇ ਮਾਨਸਿਕ ਵਿਕਾਸ ਵਿਚ ਰੁਕਾਵਟ ਆਉਂਦੀ ਹੈ। ਇਸ ਲਈ ਵਿਭਾਗ ਵੱਲੋਂ ਇਕ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਅਲਬੈਂਡਾਜੋਲ ਦੀ ਗੋਲੀ ਖਵਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ  ਜੋ ਬੱਚੇ ਇਹ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ 5 ਦਸੰਬਰ ਨੂੰ ਦੁਬਾਰਾ ਇਹ ਗੋਲੀ ਖਵਾਈ ਜਾਵੇਗੀ। ਡੀਐਫਪੀਓ ਡਾ. ਕਵਿਤਾ ਸਿੰਘ ਨੇ ਜਿਲੇ ਦੇ ਸਮੂਹ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਤੇ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜੋ ਬੱਚੇ ਅੱਜ 28 ਨਵੰਬਰ ਨੂੰ ਅਲਬੈਂਡਾਜੋਲ ਦੀ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ 5 ਦਸੰਬਰ ਨੂੰ ਇਹ ਗੋਲੀ ਜਰੂਰ ਖਵਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸ ਮੀਡੀਆ ਵਿੰਗ ਤੋਂ ਹਰਮੀਤ ਸਿੰਘ, ਦਿਵੇਸ਼ ਕੁਮਾਰ ਬੀਸੀਸੀ ਸੁਖਦੇਵ ਸਿੰਘ ਸਮੇਤ ਸਕੂਲ ਦਾ ਸਟਾਫ ਹਾਜਰ ਰਿਹਾ।