- ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੱਲੀਆਂ ਦਾ ਕੀਤਾ ਦੌਰਾ
ਅੰਮ੍ਰਿਤਸਰ 9 ਨਵੰਬਰ 2024 : ਹਰ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਜੀਵਨ ਵਿੱਚ ਕੋਈ ਟੀਚਾ ਜਰੂਰ ਨਿਰਧਾਰਿਤ ਕਰਨਾ ਚਾਹੀਦਾ ਹੈ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਵਿਦਿਆਰਥੀ ਆਪਣੇ ਜੀਵਨ ਵਿਚ ਸਫ਼ਲ ਹੋ ਸਕਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਹਲਕੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੱਲੀਆਂ ਦਾ ਦੌਰਾ ਕਰਨ ਉਪਰੰਤ ਕੀਤਾ। ਆਪਣੇ ਦੌਰੇ ਦੌਰਾਨ ਸਰਦਾਰ ਈਟੀਓ ਨੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਦੀ ਪੜ੍ਹਾਈ ਦਾ ਜਾਇਜ਼ਾ ਲਿਆ। ਉਨਾਂ ਨੇ ਕਿਹਾ ਕਿ ਅੱਜ ਦੇ ਬੱਚੇ ਸਾਡਾ ਭਵਿੱਖ ਹਨ ਅਤੇ ਅੱਗੇ ਚੱਲ ਕੇ ਇਨ੍ਹਾਂ ਵਿੱਚੋਂ ਕੁਝ ਬੱਚਿਆਂ ਨੇ ਸਿਆਸਤ, ਡਾਕਟਰ, ਇੰਜਨੀਅਰ ਅਤੇ ਵੱਡੇ ਅਧਿਕਾਰੀ ਬਨਣਾ ਹੈ। ਉਨਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ 90 ਫੀਸਦ ਤੋਂ ਵੱਧ ਨੰਬਰ ਲੈਣ ਵਿੱਚ ਕਾਮਯਾਬ ਰਹੇ ਹਨ। ਉਨਾਂ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ ਅਤੇ ਦੇਸ਼ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਅਵੱਲ ਆ ਕੇ ਆਪਣਾ, ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ਕੈਬਨਿਟ ਮੰਤਰੀ ਸਰਦਾਰ ਈਟੀਓ ਵੱਲੋਂ ਸਕੂਲੀ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ। ਉਹਨਾਂ ਕਿਹਾ ਕਿ ਅਧਿਆਪਕ ਹੀ ਬੱਚਿਆਂ ਨੂੰ ਸਹੀ ਦਿਸ਼ਾ ਅਤੇ ਗਿਆਨ ਦੇ ਸਕਦੇ ਹਨ ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਸ਼ੁਰੂ ਤੋਂ ਹੀ ਮੁੱਖ ਉਦੇਸ਼ ਸਿਹਤ ਅਤੇ ਚੰਗੀ ਸਿੱਖਿਆ ਪ੍ਰਧਾਨ ਕਰਨਾ ਰਿਹਾ ਹੈ ਅਤੇ ਇਸ ਕੰਮ ਵਿੱਚ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਜਿੱਥੇ ਜਿੱਥੇ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਉੱਥੇ ਹੀ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ ਜਿੱਥੇ ਸਕੂਲੀ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋ ਵੱਧ ਮੁਢਲਾ ਢਾਂਚਾ ਮੁਹਈਆ ਕਰਵਾਇਆ ਗਿਆ ਹੈ।