ਅੰਮ੍ਰਿਤਸਰ, 18 ਅਪ੍ਰੈਲ : ਸਿੱਖ ਧਰਮ ਅਤੇ ਨਿਹੰਗ ਸਿੰਘਾਂ ਦੀ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਬਾਰੇ ਖੋਜ ਕਰ ਰਹੇ ਮਿਸਟਰ ਜਵੇਰੀਅਰ ਜੋ ਸਪੇਨ ਦਾ ਰਹਿਣ ਵਾਲਾ ਹੈ ਅਤੇ ਭਾਰਤੀ ਦੌਰੇ ਤੇ ਆਇਆ ਹੋਇਆ ਹੈ। ਅੱਠ ਸਾਲ ਤੋਂ ਉਹ ਖੋਜ ਕਾਰਜ ਕਰ ਰਿਹਾ ਹੈ ਅਤੇ ਲੇਹਲਦਾਖ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਉਹ ਪੈਦਲ ਯਾਤਰਾ ਤੇ ਹੈ। ਸ਼ਪੇਨ ਖੋਜੀ ਜਵੇਰੀਅਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸ ਦੀ ਜਾਣਕਾਰੀ ਲੈਣ ਲਈ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੂੰ ਉਚੇਚੇ ਤੌਰ ਤੇ ਮਿਲਿਆ। ਉਸ ਨੇ ਨਿਹੰਗ ਸਿੰਘਾਂ ਅਤੇ ਬੁੱਢਾ ਦਲ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਉਸ ਨੇ ਦਸਿਆ ਕਿ ਮੈਂ 2015 ਤੋਂ ਭਾਰਤ ਵਿੱਚ ਵੱਖ-ਵੱਖ ਧਰਮਾਂ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਹਾਂ। ਨਿਹੰਗ ਸਿੰਘਾਂ ਦੇ ਇਤਿਹਾਸ ਬਾਰੇ ਜਾਨਣ ਦੀ ਮੇਰੀ ਦੀਰਘ ਤਮੰਨਾ ਸੀ। ਏਥੇ ਆ ਕੇ ਮੈਨੂੰ ਤਸੱਲੀ ਹੋਈ ਹੈ। ਉਸ ਨੇ ਕਿਹਾ ਨਿਹੰਗ ਸਿੰਘਾਂ ਦੇ ਸ਼ਸਤਰਾਂ ਅਤੇ ਰਹਿਣ ਸਹਿਣ ਬਾਰੇ ਜਾਣ ਕੇ ਹੈਰਾਨੀ ਹੋਈ ਹੈ ਕਿ ਏਡੇ ਵੱਡੇ ਅਮੀਰ ਵਿਰਸੇ ਦੇ ਮਾਲਕ ਨਿਹੰਗ ਸਿੰਘ ਹਨ। ਉਸ ਨੇ ਕਿਹਾ ਗੁਰਦੁਆਰਾ ਕੋਪਾਲ ਮੋਚਨ ਹਰਿਆਣੇ ਵਿਖੇ ਕੁੱਝ ਸਮਾਂ ਪਹਿਲਾਂ ਮੈਂ ਨਿਹੰਗ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੂੰ ਮਿਲਿਆਂ ਸੀ ਉਨ੍ਹਾਂ ਮੈਨੂੰ ਏਥੇ ਆਉਣ ਲਈ ਕਿਹਾ ਸੀ, ਮੈਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਧੰਨਵਾਦੀ ਹਾਂ। ਸਪੇਨ ਵਿੱਚ ਜਾ ਕੇ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾ ਵਿਚ ਕਿਤਾਬ ਪ੍ਰਕਾਸ਼ਤ ਕਰਾਂਗਾ। ਬੇਦੀ ਨੇ ਦਸਿਆ ਕਿ ਇਹ ਖੋਜੀ ਕਿੱਤੇ ਪੱਖੋ ਬਿਜਨਸਮੈਨ ਹੈ। ਜਵੇਰੀਅਰ ਪਹਿਲਾ ਕਲੀਨ ਸੇਵ ਸੀ ਪਰ ਹੁਣ ਉਸ ਨੇ ਬਹੁਤ ਲੰਬਾ ਦਾਹੜਾ ਵਧਾਇਆ ਹੋਇਆ ਹੈ। ਭਾਰਤੀ ਧਰਮਾਂ ਬਾਰੇ ਚੰਗੀ ਜਾਣਕਾਰੀ ਰੱਖਦਾ ਹੈ। ਛਾਉਣੀ ਬੁੱਢਾ ਦਲ ਵਿਖੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਬਾਬਾ ਭਗਤ ਸਿੰਘ, ਸ. ਜਸਵਿੰਦਰ ਸਿੰਘ ਦੀਨਪੁਰ ਅਤੇ ਸ. ਪਰਮਜੀਤ ਸਿੰਘ ਬਾਜਵਾ ਨਾਲ ਗੱਲਬਾਤ ਉਪਰੰਤ ਯਾਦਗਾਰੀ ਤਸਵੀਰ ਨਾਲ ਉਸ ਨੂੰ ਸਨਮਾਨਤ ਕੀਤਾ ਗਿਆ।