ਅੰਮ੍ਰਿਤਸਰ 14 ਨਵੰਬਰ : ਡਿਬਰੂਗੜ੍ਹ ਜੇਲ੍ਹ ਅਸਾਮ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨਾਂ ਤੇ ਸ਼ੁਰੂ ਕੀਤੇ ਅਰਦਾਸ ਸਮਾਗਮ ਤਹਿਤ ਦੂਜਾ ਅਰਦਾਸ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਨੰਦਪੁਰ ਸਾਹਿਬ ਵਿਖੇ ਮਿਤੀ 19 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਗ੍ਰਿਫ਼ਤਾਰੀ ਦੇਣ ਸਮੇਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਬੇਨਤੀ ਕੀਤੀ ਤਾਂ ਕਿ ਜ਼ਾਲਮ ਹਕੂਮਤਾਂ ਨੂੰ ਹਾਰ ਦਿੱਤੀ ਜਾ ਸਕੇ। ਉਸੇ ਤਹਿਤ ਅੰਮ੍ਰਿਤ ਛਕਣ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ ਸੰਗਤਾਂ ਲਈ ਮਿਤੀ 18 ਨਵੰਬਰ ਦਿਨ ਸਨਿੱਚਰਵਾਰ ਨੂੰ ਦੁਪਹਿਰ 12.30 ਵਜੇ ਗੁਰਦੁਆਰਾ ਸਾਹਿਬ ਪਿੰਡ ਜੱਲੂਪੁਰ ਖੇੜਾ ਤੋਂ ਕਕਾਰ ਆਦਿ ਲੈ ਕੇ ਸੰਗਤੀ ਰੂਪ ਵਿੱਚ ਚਾਲੇ ਪਾਏ ਜਾਣਗੇ। ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਵਾਲਿਆਂ ਦੇ ਮਾਤਾ ਬਲਵਿੰਦਰ ਕੌਰ ਨੇ ਅੱਜ 14 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਸਾਹਮਣੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸੰਗਤ/ਪੰਥਕ ਜਥੇਬੰਦੀਆਂ/ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਸਦਕਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਪੰਜ ਤਖ਼ਤ ਸਾਹਿਬਾਨਾਂ ਤੇ ਅਰਦਾਸ ਸਮਾਗਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਉਸ ਦੇ ਤਹਿਤ 5 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਦੇ ਨਾਲ ਇਹ ਅਰੰਭਤਾ ਕੀਤੀ ਗਈ ਸੀ। ਭਾਵੇਂ ਕਿ ਸਿਰਫ਼ ਇੱਕ ਦਿਨ ਪਹਿਲਾਂ ਪ੍ਰੈੱਸ ਨੂੰ ਪ੍ਰੋਗਰਾਮ ਰਿਲੀਜ਼ ਕੀਤਾ ਗਿਆ ਸੀ, ਫਿਰ ਵੀ ਕੁੱਝ ਘੰਟੇ ਪਹਿਲਾਂ ਦਿੱਤੇ ਸੱਦੇ ਤੇ ਸੈਂਕੜੇ ਸਿੰਘ ਸਿੰਘਣੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਅਰਦਾਸ ਸਮਾਗਮ ਵਿੱਚ ਪਹੁੰਚੇ। ਉਹਨਾਂ ਕਿਹਾ ਕਿ ਸੰਗਤਾਂ ਵੱਲੋਂ ਮੈਨੂੰ ਰੋਜ਼ਾਨਾ ਸੈਂਕੜੇ ਟੈਲੀਫ਼ੋਨ ਕਾਲਾਂ ਆ ਰਹੀਆਂ ਸਨ ਕਿ ਅਗਲੇ ਤਖ਼ਤ ਸਾਹਿਬ ਤੇ ਕੀਤੇ ਜਾ ਰਹੇ ਅਰਦਾਸ ਸਮਾਗਮ ਦਾ ਐਲਾਨ ਕੁੱਝ ਦਿਨ ਪਹਿਲਾਂ ਕੀਤਾ ਜਾਵੇ ਤਾਂ ਕਿ ਸੰਗਤੀ ਰੂਪ ਵਿੱਚ ਸੰਗਤਾਂ ਉੱਥੇ ਪਹੁੰਚਣ। ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਪਿੰਡ ਰੋਡੇ (ਮੋਗਾ) ਵਿਖੇ ਗ੍ਰਿਫ਼ਤਾਰੀ ਦੇਣ ਸਮੇਂ ਸੰਬੋਧਨ ਕਰਦਿਆਂ ਜੋ ਇਹ ਅਪੀਲ ਕੀਤੀ ਸੀ ਕਿ ਸਾਡੀ ਗੈਰ ਹਾਜ਼ਰੀ ਵਿੱਚ ਇਹ ਨਹੀਂ ਸਮਝਣਾ ਕਿ ਹੁਣ ਅਸੀਂ ਅੰਮ੍ਰਿਤ ਨਹੀਂ ਛਕਣਾ। ਅੰਮ੍ਰਿਤ ਗੁਰੂ ਕਲਗ਼ੀਧਰ ਪਾਤਸ਼ਾਹ ਦਾ ਹੈ, ਸਾਡੇ ਵਰਗੇ ਹਜ਼ਾਰਾਂ ਆਉਣਗੇ ਹਜ਼ਾਰਾਂ ਜਾਣਗੇ, ਇਸ ਲਈ ਨੌਜਵਾਨੋ ਨਸ਼ੇ ਛੱਡੋ, ਅੰਮ੍ਰਿਤ ਛਕੋ, ਸਿੰਘ ਸਜੋ। ਇਸੇ ਵਿੱਚ ਜ਼ਾਲਮ ਹਕੂਮਤਾਂ ਦੀ ਹਾਰ ਹੈ ਅਤੇ ਖ਼ਾਲਸਾ ਪੰਥ ਦੀ ਜਿੱਤ ਹੈ। ਨੌਜਵਾਨੋ ਖ਼ਾਲਸਾ ਵਹੀਰ ਦੌਰਾਨ ਖੰਡੇ ਬਾਟੇ ਦੀ ਪਾਹੁਲ ਅਸੀਂ ਛੱਕ ਰਹੇ ਸੀ ਅਤੇ ਨੌਜਵਾਨੀ ਨਸ਼ਿਆਂ ਤੋਂ ਦੂਰ ਹੋ ਰਹੀ ਸੀ, ਉਸ ਤੋਂ ਤੰਗ ਆ ਕੇ ਹਕੂਮਤ ਨੇ ਇਹ ਸਾਰਾ ਕੁੱਝ ਕੀਤਾ ਹੈ। ਹਕੂਮਤ ਤਾਂ ਹੀ ਜਿੱਤ ਸਕਦੀ ਹੈ ਜੇ ਅਸੀਂ ਖੰਡੇ ਬਾਟੇ ਦੀ ਪਾਹੁਲ ਤੋਂ ਭਗੌੜੇ ਹੋਈਏ। ਸੋ ਅਸੀਂ ਹਕੂਮਤ ਦਾ ਜੁਆਬ ਇਸ ਤਰੀਕੇ ਨਾਲ ਦੇਈਏ ਕਿ ਵੱਧ ਚੜ ਕੇ ਨੌਜਵਾਨ ਖੰਡੇ ਬਾਟੇ ਦੀ ਪਾਹੁਲ ਛਕਣ ਅਤੇ ਨਸ਼ੇ ਤਿਆਗ ਕੇ ਗੁਰੂ ਦੇ ਲੜ ਲੱਗਣ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ, ਫਿਰ ਸਾਨੂੰ ਜ਼ਾਲਮ ਹਕੂਮਤ ਕਦੇ ਹਰਾ ਨਹੀਂ ਸਕਦੀ।; (ਇਸ ਦਾ ਵੀਡੀਓ ਕਲਿੱਪ ਈਮੇਲ ਵਿੱਚ ਪ੍ਰੈੱਸ ਨੂੰ ਭੇਜਿਆ ਜਾ ਰਿਹਾ ਹੈ)। ਮਾਤਾ ਜੀ ਨੇ ਕਿਹਾ ਕਿ ਪਿੰਡ ਜੱਲੂਪੁਰ ਖੇੜਾ ਵਿਖੇ ਜੋ ਗੁਰਦੁਆਰਾ ਸਾਹਿਬ ਵਿੱਚ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਭਾਈ ਸਾਹਿਬ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦੇ ਰਹੇ ਸੀ, ਉੱਥੇ ਇਸ ਕਾਰਜ ਲਈ ਭਾਈ ਸਾਹਿਬ ਵੱਲੋਂ ਅੰਮ੍ਰਿਤ ਛਕਣ ਲਈ ਲੋੜੀਂਦੇ ਕਕਾਰਾਂ ਕਿਰਪਾਨ, ਕੰਘਾ ਅਤੇ ਕਛਹਿਰਿਆਂ ਨਾਲ ਕਮਰੇ ਭਰੇ ਪਏ ਹਨ (ਇਸ ਦਾ ਵੀਡੀਓ ਕਲਿੱਪ/ ਫ਼ੋਟੋਗਰਾਫੀ ਈਮੇਲ ਵਿੱਚ ਪ੍ਰੈੱਸ ਨੂੰ ਭੇਜੇ ਜਾ ਰਹੇ ਹਨ)। ਸੋ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਭਾਈ ਸਾਹਿਬ ਵੱਲੋਂ ਰੋਡੇ ਵਿਖੇ ਗ੍ਰਿਫ਼ਤਾਰੀ ਦੇਣ ਸਮੇਂ ਜੋ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਸੀ, ਉਸ ਦੇ ਤਹਿਤ ਹੁਣ ਮਿਤੀ 18 ਨਵੰਬਰ ਦਿਨ ਸਨਿੱਚਰਵਾਰ ਨੂੰ ਸਮੂਹ ਬੰਦੀ ਸਿੰਘਾਂ ਦੇ ਪਰਿਵਾਰ ਅਤੇ ਸੰਗਤਾਂ ਪਿੰਡ ਜੱਲੂਪੁਰ ਖੇੜਾ (ਨੇੜੇ ਰਈਆ ਨਹਿਰ, ਅੰਮ੍ਰਿਤਸਰ-ਜਲੰਧਰ ਜੀ.ਟੀ.ਰੋਡ) ਗੁਰਦੁਆਰਾ ਸਾਹਿਬ ਵਿਖੇ 11 ਵਜੇ ਤੱਕ ਪਹੁੰਚ ਜਾਣ। ਉੱਥੋਂ ਲਗਭਗ 12.30 ਵਜੇ ਦੁਪਹਿਰ ਕਕਾਰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਨੂੰ ਸੰਗਤੀ ਰੂਪ ਵਿੱਚ ਚਾਲੇ ਪਾਏ ਜਾਣਗੇ ਅਤੇ ਉੱਥੇ 19 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਤੋਂ 11.30 ਵਜੇ ਤੱਕ ਅਰਦਾਸ ਸਮਾਗਮ ਹੋਵੇਗਾ। ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਛਕਣਗੀਆਂ, ਉਹਨਾਂ ਨੂੰ ਪਿੰਡ ਜੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਤੋਂ ਲਿਆਂਦੇ ਕਕਾਰਾਂ ਦੀ ਸੇਵਾ ਮੁਹੱਈਆ ਕਰਵਾਈ ਜਾਵੇਗੀ ਅਤੇ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ।