ਗੁਰਦਾਸਪੁਰ, 14 ਨਵੰਬਰ : ਹਥਿਆਰਬੰਦ ਸੈਨਾ ਝੰਡਾ ਦਿਵਸ ਦੇਸ਼ ਦੀ ਅਣਖ ਤੇ ਪ੍ਰਭੁਸਤਾ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਮਿਤੀ 07 ਦਸੰਬਰ ਨੂੰ ਭਾਰਤ ਦੇ ਹਰ ਕੋਨੇ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਚੰਡੀਗੜ੍ਹ ਤੋਂ ਸੁਰੂ ਹੋਈ ਸਾਈਕਲ ਰੈਲੀ ਦਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਣ ਤੇ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਵੱਲੋਂ ਵਲੰਟੀਅਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਵਿਖੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਮਾਂਡਰ ਬਲਜਿੰਦਰ ਵਿਰਕ (ਸੇਵਾ ਨਵਿਰਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਵੱਲੋਂ ਦੱਸਿਆ ਗਿਆ ਕਿ ਇਸ ਜਾਗਰੂਕਤਾ ਸਾਈਕਲ ਰੈਲੀ ਨੂੰ ਮਿਤੀ 07 ਨਵੰਬਰ 2023 ਨੂੰ ਚੰਡੀਗੜ੍ਹ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਜੋ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਮਿਤੀ 07 ਦਸੰਬਰ 2023 ਨੂੰ ਝੰਡਾ ਦਿਵਸ਼ ਮੌਕੇ ਵਾਪਸ ਰਾਜ ਭਵਨ, ਚੰਡੀਗੜ੍ਹ ਵਿਖੇ ਪਹੁੰਚੇਗੀ ਅਤੇ ਜਿਸ ਨੂੰ ਮਾਨਯੋਗ ਰਾਜਪਾਲ ਪੰਜਾਬ ਜੀ ਵੱਲੋਂ ਫਲੈਗ ਇੰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਈਕਲ ਰੈਲੀ ਅੱਜ ਪਠਾਨਕੋਟ ਤੋਂ ਹੁੰਦੀ ਹੋਈ ਗੁਰਦਾਸਪੁਰ ਪਹੁੰਚੀ ਹੈ ਅਤੇ ਕੱਲ ਮਿਤੀ 15 ਨਵੰਬਰ 2023 ਨੂੰ ਸਵੇਰੇ 7 ਵਜੇ ਗੁਰਦਾਸਪੁਰ ਦੀ ਟੀਮ ਜਿਸ ਦੇ ਨੋਡਲ ਅਫਸਰ ਸ੍ਰੀ ਸੁਦੇਸ਼ ਕੁਮਾਰ, ਸੁਪਰਡੈਂਟ, ਦਫਤਰ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਹਨ ਦੀ ਦੇਖ-ਰੇਖ ਹੇਠ ਇਸ ਸਾਈਕਲ ਰੈਲੀ ਨੂੰ ਅੰਮ੍ਰਿਤਸਰ ਲਈ ਰਵਾਨਾ ਕੀਤਾ ਜਾਵੇਗਾ।