- ਕਿਸਾਨਾਂ ਨੂੰ ਹੁਣ ਤੱਕ 6200 ਕਰੋੜ ਰੁਪਏ ਦੀ ਅਦਾਇਗੀ ਕੀਤੀ
ਤਰਨਤਾਰਨ, 23 ਅਕਤੂਬਰ : ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਤਰਨਤਾਰਨ ਜ਼ਿਲ੍ਹੇ ਦੀਆਂ ਮੰਡੀਆਂ ਦੇ ਦੌਰੇ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕੀਤੇ ਗਏ ਬਾਖੂਬੀ ਪ੍ਰਬੰਧਾਂ ਸਦਕਾ ਸੂਬੇ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਿਰਵਿਘਨ ਚੱਲ ਰਹੀ ਹੈ। ਸ੍ਰੀ ਕਟਾਰੂਚੱਕ ਤਰਨਤਾਰਨ ਦਾਣਾ ਮੰਡੀ ਵਿੱਚ ਖਰੀਦ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਇਸ ਮੌਕੇ ਕਿਸਾਨਾਂ,ਮਜਦੂਰਾਂ ਅਤੇ ਆੜਤੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਣਕ ਤੇ ਝੋਨੇ ਦੇ ਸੀਜ਼ਨ ਦੀ ਆਸ ਨਾਲ ਪੰਜਾਬ ਚੱਲਦਾ ਹੈ ਅਤੇ ਇਹ ਖਰੀਦ ਸਾਡੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਕੁੱਲ ਆਮਦ 45 ਲੱਖ ਮੀਟਰਕ ਟਨ ਵਿੱਚੋਂ ਲਗਭਗ 43 ਲੱਖ ਮੀਟਿਰਕ ਟਨ ਦੀ ਖਰੀਦ ਅਤੇ 20 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹਰ ਦਿਨ ਲਗਭਗ 1-1.5 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ ਅਤੇ ਦਿਨ ਦੇ ਅੰਤ ਤੱਕ ਮੰਡੀ ਵਿੱਚ ਆਏ ਲਗਭਗ ਸਾਰੇ ਝੋਨੇ ਖਰੀਦ ਕਰ ਲਈ ਜਾਂਦੀ ਹੈ, ਜੋ ਕਿ ਸਾਡੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਆਏ ਝੋਨੇ ਦੀ ਖਰੀਦ ਦਾ ਸਮਾਂ ਇਕ ਦਿਨ ਤੋਂ ਵੀ ਘੱਟ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਝੋਨੇ ਦੀ ਆਮਦ ਵਾਲੇ ਦਿਨ ਹੀ ਝੋਨੇ ਦੀ ਸਫ਼ਾਈ ਅਤੇ ਖਰੀਦ ਕੀਤੀ ਜਾ ਰਹੀ ਹੈ ਅਤੇ 24 ਘੰਟਿਆਂ ਵਿੱਚ ਅਦਾਇਗੀ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 6200 ਕਰੋੜ ਰੁਪਏ ਸਿੱਧੇ ਤੌਰ ‘ਤੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਵੱਲੋਂ ਆਪਣੇ ਖੂਨ-ਪਸੀਨੇ ਅਤੇ ਮਿਹਨਤ ਨਾਲ ਪੈਦਾ ਕੀਤੇ ਇੱਕ-ਇੱਕ ਦਾਣੇ ਨੂੰ ਖਰੀਦਣ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਕਟਾਰੂਚੱਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਤੀ ਮਾਤਾ ਅਤੇ ਵਾਤਵਰਣ ਦੀ ਲੋੜ ਨੂੰ ਸਮਝਦੇ ਹੋਏ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਸਗੋਂ ਉਸ ਨੂੰ ਖੇਤਾਂ ਵਿੱਚ ਵਾਹ ਕੇ ਖਾਦ ਦਾ ਕੰਮ ਲਿਆ ਜਾਵੇ। ਇਸ ਮੌਕੇ ਵਿਧਾਇਕ ਸ ਕਸ਼ਮੀਰ ਸਿੰਘ ਸੋਹਲ ਨੇ ਸ੍ਰੀ ਕਟਾਰੂਚੱਕ ਨੂੰ ਜੀ ਆਇਆਂ ਕਹਿੰਦੇ ਕਿਹਾ ਕਿ ਸਾਡੇ ਕੋਲ ਅਜੇ ਤੱਕ ਝੋਨੇ ਦੀ ਖਰੀਦ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ, ਜਿਸ ਤੋਂ ਸਪੱਸ਼ਟ ਹੈ ਕਿ ਖਰੀਦ ਬਹੁਤ ਵਧੀਆ ਚੱਲ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ, ਡੀ ਐਫ ਐਸ ਸੀ ਸ੍ਰੀ ਮਤੀ ਜਸਜੀਤ ਕੌਰ, ਚੇਅਰਮੈਨ ਤਸਵੀਰ ਸਿੰਘ, ਗੁਰਵਿੰਦਰ ਸਿੰਘ ਰੋੜਾਂਵਾਲੀਆ, ਸਰਬਿੰਦਰ ਸਿੰਘ ਭਰੋਵਾਲ, ਸ੍ਰੀ ਕੇਵਲ ਕਪੂਰ, ਬਲਵਿੰਦਰ ਕੌਰ ਕਲਿਆਣ, ਭੁਪਿੰਦਰ ਸਿੰਘ ਰਿੰਕੂ, ਐਡਵੋਕੇਟ ਗੁਰਮਿੰਦਰ ਸਿੰਘ, ਡਾ ਕੁਲਦੀਪ ਸਿੰਘ ਢਿਲੋਂ, ਗੁਰਵਿੰਦਰ ਸਿੰਘ ਸੋਨੂੰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।