- ਸਮਾਜ ਨੂੰ ਸਿੱਖਿਅਤ ਕਰਨਾ ਹੀ ਭਗਵਾਨ ਵਾਲਮੀਕਿ ਨੂੰ ਸੱਚੀ ਸਰਧਾਂਜਲੀ : ਹਰਪਾਲ ਚੀਮਾ
- ਮੰਤਰੀ ਸਾਹਿਬਾਨ ਨੇ ਦਿੱਤੀ ਭਗਵਾਨ ਵਾਲਮੀਕ ਪ੍ਰਗਟ ਦਿਵਸ ਦੀ ਵਧਾਈ
- ਆਦਿ ਕਵੀ ਦੀਆਂ ਮਹਾਨ ਸਿੱਖਿਆਵਾਂ ਉਤੇ ਅਮਲ ਕਰਨ ਦਾ ਸੱਦਾ
ਅੰਮ੍ਰਿਤਸਰ, 28 ਅਕਤੂਬਰ : ਪੰਜਾਬ ਸਰਕਾਰ ਵਲੋਂ ਰਾਮ ਤੀਰਥ ਵਾਲਮੀਕਿ ਤੀਰਥ ਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੋਕਾਂ ਨੂੰ ਕਰੁਣਾ ਸਾਗਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਵਧਾਈ ਦਿੰਦੇ ਕਿਹਾ ਕਿ ਆਪਣੀ ਪੀੜੀ ਨੂੰ ਸਿੱਖਿਆ ਦੇ ਖੇਤਰ ਵਿੱਚ ਕਾਮਯਾਬ ਕਰਨਾ ਹੀ ਉਨ੍ਹਾਂ ਮਹਾਪੁਰਖਾਂ ਨੂੰ ਸੱਚੀ ਸਰਧਾਂਜਲੀ ਹੈ। ਭਗਵਾਨ ਵਾਲਮੀਕਿ ਮੰਦਿਰ ਵਿਖੇ ਮੱਥਾ ਟੇਕਣ ਮਗਰੋਂ ਸੰਗਤ ਨੂੰ ਸੰਬੋਧਨ ਕਰਦੇ ਉਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਸਕੂਲ ਆਫ਼ ਐਮੀਨੈਂਸ ਵਰਗੇ ਅਦਾਰੇ ਸ਼ੁਰੂ ਕੀਤੇ ਹਨ, ਸੋ ਸਾਰੇ ਇਸ ਮੌਕੇ ਦਾ ਲਾਹ ਲੈਂਦੇ ਹੋਏ ਆਪਣੀਆਂ ਪੀੜ੍ਹੀਆਂ ਨੂੰ ਸਿੱਖਿਅਤ ਕਰੋ। ਉਨਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਸਿੱਖਿਆ ਤੋਂ ਬਿਨਾਂ ਤਰੱਕੀ ਅਸੰਭਵ ਹੈ। ਹਰਪਾਲ ਚੀਮਾ ਨੇ ਦੱਸਿਆ ਕਿ ਵਾਲਮੀਕਿ ਤੀਰਥ ਵਿਖੇ ਪੰਜਾਬ ਸਰਕਾਰ ਵਲੋਂ ਕਰੀਬ 33 ਕਰੋੜ ਦੀ ਲਾਗਤ ਨਾਲ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਪੈਨੋਰਮਾ ਬਣਾਇਆ ਗਿਆ ਹੈ ਜਿਸਦਾ ਉਦਘਾਟਨ ਜਲਦੀ ਹੀ ਮੁੱਖ ਮੰਤਰੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੁਆਰਾ ਦਿਖਾਏ ਉੱਚ ਆਦਰਸ਼ਾਂ ਉੱਤੇ ਚੱਲਣ ਲਈ ਪ੍ਰੇਰਿਆ ਤਾਂ ਜੋ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸ਼ਾਂਤੀ, ਇਕਸੁਰਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਤੁਹਾਡੇ ਨਾਲ ਹੈ ਅਤੇ ਸਮਾਜ ਦੇ ਹਰ ਵਰਗ ਦੀ ਬਹਿਤਰੀ ਲਈ ਯਤਨਸੀਲ ਹੈ।