- 500 ਤੋਂ ਦੌੜਾਕ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਦੌੜ ਕੇ ਕਰਨਗੇ ਲੋਕਾਂ ਨੂੰ ਜਾਗਰੂਕ : ਐਸ ਪੀ
ਤਰਨਤਾਰਨ, 26 ਅਕਤੂਬਰ : ਇਲਾਕੇ ਵਿਚੋਂ ਨਸ਼ੇ ਦੀ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦਾ ਸਾਥ ਲੈਣ ਵਾਸਤੇ ਪੰਜਾਬ ਪੁਲਿਸ 28 ਅਕਤੂਬਰ ਨੂੰ ਤਰਨਤਾਰਨ ਸ਼ਹਿਰ ਵਿਚ ਮੈਰਾਥਨ ਦੌੜ ਕਰਵਾਏਗੀ, ਜਿਸ ਵਿਚ 500 ਤੋਂ ਵੱਧ ਦੌੜਾਕ ਜਿਸ ਵਿਚ ਹਰ ਉਮਰ ਵਰਗ ਦੇ ਲੜਕੇ ਤੇ ਲੜਕੀਆਂ ਸ਼ਾਮਿਲ ਹੋਣਗੇ, ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚੋਂ ਗੁਜ਼ਰਦੇ ਹੋਏ ਲੋਕਾਂ ਨੂੰ ਨਸ਼ੇ ਵਿਰੁੱਧ ਲਾਮਬੰਦੀ ਲਈ ਜਾਗਰੂਕ ਕਰਨਗੇ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਅਸ਼ਵਨੀ ਕਪੂਰ ਨੇ ਇਹ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਹ ਦੌੜ ਸਵੇਰੇ 6 ਵਜੇ ਐਸ ਡੀ ਐਮ ਦਫਤਰ ਤੋਂ ਸੁਰੂ ਹੋਵੇਗੀ ਅਤੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚੋਂ ਗੁਜਰਦੀ ਹੋਈ ਇਸੇ ਸਥਾਨ ਉਤੇ ਸਮਾਪਤ ਹੋਵੇਗੀ। ਉਨਾਂ ਦੱਸਿਆ ਕਿ ਦੌੜ, ਜੋ ਕਿ 5 ਕਿਲੋਮੀਟਰ ਦੀ ਹੋਵੇਗੀ, ਵਿਚ ਲੜਕੇ ਤੇ ਲੜਕੀਆਂ ਦੇ ਦੋਵਾਂ ਵਰਗਾਂ ਵਿਚ ਜੇਤੂ ਆਉਣ ਵਾਲੇ ਪਹਿਲੇ ਤਿੰਨ ਐਥਲੀਟਾਂ ਨੂੰ ਸਨਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਦੌੜ ਜਿੱਥੇ ਲੋਕਾਂ ਵਿਚ ਨਸ਼ਿਆਂ ਨੂੰ ਲੈ ਕੇ ਜਾਗਰੂਕਤਾ ਪੈਦਾ ਕਰੇਗੀ, ਉਥੇ ਸਿਹਤ ਸੰਭਾਲ ਦਾ ਸੁਨੇਹਾ ਵੀ ਸਾਡੇ ਜਿਲ੍ਹਾ ਵਾਸੀਆਂ ਨੂੰ ਜਾਵੇਗਾ, ਜਿਸ ਨਾਲ ਤੰਦਰੁਸਤੀ ਦਾ ਸੰਦੇਸ਼ ਵੀ ਘਰ-ਘਰ ਜਾਵੇਗਾ। ਇਸ ਸਬੰਧੀ ਵਿਸਥਾਰ ਦਿੰਦੇ ਹੋਏ ਐਸ ਪੀ ਸ੍ਰੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਐਸ ਡੀ ਐਮ ਦਫਤਰ ਵਿਚ ਸਵੇਰੇ ਸਾਢੇ ਪੰਜ ਵਜੇ ਬੱਚਿਆਂ ਦੀ ਰਜਿਸਟਰੇਸ਼ਨ ਸ਼ੁਰੂ ਹੋਵੇਗੀ ਅਤੇ ਇਥੋਂ ਹੀ ਦੌੜ ਕਰੀਬ 6. 30 ਵਜੇ ਸ਼ੁਰੂ ਕੀਤੀ ਜਾਵੇਗੀ, ਜੋ ਕਿ ਤਹਿਸੀਲ ਚੌਕ, ਮੁਰਾਦਪੁਰਾ ਫਾਟਕ, ਰੇਲਵੇ ਰੋਡ ਤੋਂ ਹੁੰਦੀ ਜੰਡਿਆਲਾ ਗੁਰੂ ਰੋਡ ਤੋਂ ਚੌਕ ਬੋਹੜੀ ਤੱਕ ਜਾਵੇਗੀ, ਜਿਥੋਂ ਇਹ ਬੱਚੇ ਬਿਜਲੀ ਘਰ ਦਫਤਰ, ਜੋ ਕਿ ਪੁਰਾਣਾ ਐਸ ਐਸ ਪੀ ਦਫਤਰ ਕਰਕੇ ਵੀ ਜਾਣਿਆ ਜਾਂਦਾ ਹੈ ਤੋਂ ਹੁੰਦੇ ਹੋਏ ਵਾਪਸ ਐਸ ਡੀ ਐਮ ਦਫਤਰ ਆਉਣਗੇ। ਉਨਾਂ ਦੱਸਿਆ ਕਿ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਟੀ ਸ਼ਰਟ ਮੌਕੇ ਉਤੇ ਦਿੱਤੀ ਜਾਵੇਗੀ। ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਦੌੜ ਵਿਚ ਸ਼ਾਮਿਲ ਹੋਣ ਅਤੇ ਜੋ ਲੋਕ ਦੌੜ ਨਹੀਂ ਸਕਦੇ, ਉਹ ਬਤੌਰ ਦਰਸ਼ਕ ਇੰਨਾ ਬੱਚਿਆਂ ਦਾ ਹੌਸਲਾ ਜਰੂਰ ਵਧਾਉਣ। ਉਨਾਂ ਦੱਸਿਆ ਕਿ ਦੌੜ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।