- ਵਿਧਾਇਕ ਸ਼ੈਰੀ ਕਲਸੀ ਨੇ ਲੋਕ ਮਿਲਣੀ ਤਹਿਤ ਲੋਕਾਂ ਦੀ ਸੁਣੀਆਂ ਮੁਸ਼ਕਿਲਾਂ
ਬਟਾਲਾ, 26 ਅਕਤੂਬਰ : ਵਿਧਾਨ ਸਭਾ ਹਲਕਾ ਬਟਾਲਾ ਦੇ ਸਰਬਪੱਖੀ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ, ਉਹ ਵਚਨਬੱਧ ਹਨ। ਇਹ ਪ੍ਰਗਟਾਵਾ ਬਟਾਲਾ ਦੇ ਨੋਜਵਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਆਪਣੇ ਗ੍ਰਹਿ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਕੀਤਾ। ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਮੁਸਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਦ ਦੇ ਉਹ ਬਟਾਲਾ ਦੇ ਵਿਧਾਇਕ ਬਣੇ ਹਨ, ਉਨਾਂ ਵਲੋਂ ਹਲਕੇ ਅੰਦਰ ਪਾਰਦਰਸ਼ੀ ਢੰਗ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਲਕਾ ਬਟਾਲਾ ਨੂੰ ਵਿਕਾਸ ਪੱਖੋ ਨਮੂਨੇ ਦਾ ਹਲਕੇ ਬਣਾਇਆ ਜਾਵੇਗਾ। ਉੁਨਾਂ ਕਿਹਾ ਕਿ ਮਹਿਜ ਡੇਢ ਸਾਲ ਦੇ ਅੰਦਰ ਬਟਾਲਾ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਲੋਕਾਂ ਦੀਆਂ ਚਿਰੋਕਣੀ ਮੰਗਾਂ ਪੂਰੀਆਂ ਕੀਤੀਆਂ ਗਈਆਂ ਹਨ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਸ਼ਹਿਰ ਵਿਚਲੇ ਪ੍ਰਮੁੱਖ ਚੌਕਾਂ ਨੂੰ ਚੋੜਾ ਕੀਤਾ ਗਿਆ ਹੈ ਅਤੇ ਬਟਾਲਾ ਦੇ ਐਂਟਰੀ ਪੁਆਇੰਟਾਂ ਤੇ ਸ਼ਾਨਦਾਰ ਗੇਟਾਂ ਦੀ ਉਸਾਰੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ 12 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਬਾਈਪਾਸ ਤੋਂ ਹੰਸਲੀ ਪੁਲ ਤੱਕ ਸੜਕ ਚੌੜੀ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। 2 ਕਰੋੜ ਰੁਪਏ ਦੀ ਲਾਗਤ ਨਾਲ ਡੇਰਾ ਬਾਬਾ ਨਾਨਕ ਰੇਲਵੇ ਬਿ੍ਰਜ ਤੋਂ ਬਾਈਪਾਸ ਤੱਕ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸ਼ਹਿਰ ਵਿਚਲੀ ਲਾਇਬਰੇਰੀ ਦੀ ਇਮਾਰਤ ਦਾ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ, ਜਲਦ ਹੀ ਬਟਾਲਾ ਤਹਿਸੀਲ ਕੰਪਲੈਕਸ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਵੱਖ-ਵੱਖ ਵਿਕਾਸ ਕਾਰਜ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਚੱਲ ਰਹੇ ਹਨ।