ਪ੍ਰਾਈਵੇਟ ਪਲੇਅ-ਵੇ ਸਕੂਲਾਂ ਦੀ ਰਜਿਸਟਰੇਸ਼ਨ ਲਈ ਨਵੇਂ ਹੁਕਮ ਜਾਰੀ: ਸੀ.ਡੀ.ਪੀ.ਓ.

ਤਰਨ ਤਾਰਨ 09 ਜਨਵਰੀ 2025 : ਪੰਜਾਬ ਰਾਜ ਵਿੱਚ ਚੱਲ ਰਹੇ ਸਾਰੇ ਪ੍ਰਾਈਵੇਟ ਪਲੇਅ-ਵੇ ਸਕੂਲ ਹੁਣ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਧੀਨ ਰਜਿਸਟਰਡ ਕੀਤੇ ਜਾਣਗੇ। ਜਿਸ ਅਧੀਨ ਵਿਭਾਗ ਰਾਹੀਂ ਬਣਦੇ ਦਿਸ਼ਾ-ਨਿਰਦੇਸ਼ ਅਤੇ ਮਾਪਦੰਡ ਜਾਰੀ ਕੀਤੇ ਗਏ ਹਨ l ਜਿਸ ਤੋਂ ਬਾਅਦ ਸਰਕਾਰ ਕੋਲ ਬੱਚਿਆਂ ਦੇ ਸਾਰੇ ਵੇਰਵੇ ਹੋਣਗੇ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗਗਨਦੀਪ ਸਿੰਘ ਬਾਲ ਵਿਕਾਸ ਪ੍ਰੌਜੈਕਟ ਅਫਸਰ, ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਤਰਨਤਾਰਨ ਦੇ ਸਾਰੇ ਨਿੱਜੀ ਪਲੇਅ-ਵੇ ਸਕੂਲ ਜਿਨ੍ਹਾਂ ਵਿੱਚ 3-6 ਸਾਲ ਦੇ ਬੱਚੇ ਦਾਖ਼ਲ ਕੀਤੇ ਜਾਂਦੇ ਹਨ ਉਹਨਾਂ ਸਭ ਸਕੂਲਾਂ ਲਈ ਇਸ ਨਵੀਂ ਪਾਲਸੀ  ਅਧੀਨ ਰਜ਼ਿਸਟਰਡ ਕਰਵਾਓਣਾ ਲਾਜ਼ਮੀ ਹੈ। ਨਵੇਂ ਸਕੂਲਾਂ ਦੇ ਨਾਲ ਨਾਲ ਜੋ ਪ੍ਰਾਈਵੇਟ ਪਲੇਅ-ਵੇ ਸਕੂਲ ਪਹਿਲਾਂ ਤੋਂ ਚਲ ਰਹੇ ਹਨ ਸਭ ਲਈ ਵੀ ਰਜਿਸਟਰੇਸ਼ਨ ਕਾਰਵਾਈ ਜਾਣੀ ਲਾਜ਼ਮੀ ਹੈ l ਜਿਸ ਸੰਬੰਧੀ ਵਿਸਥਾਰ ਵਿੱਚ ਨਿਯਮ ਅਤੇ ਹਦਾਇਤਾਂ ਲਾਗੂ ਹਨ ਜਿਵੇ ਕਿ ਪਲੇਅ-ਸਕੂਲ ਦੀ ਬਿਲਡਿੰਗ ਦੀ ਬੰਤਰ,ਸਫੇਟੀ ਨੌਰਮਸ, ਅਧਿਆਪਕਾਂ ਅਤੇ ਬੱਚਿਆਂ ਦਾ ਅਨੁਪਾਤ ਜਿਵੇਂ ਕਿ ਇਕ ਅਧਿਆਪਕ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾ ਸਕੇਗਾ। ਉਸ ਦੇ ਨਾਲ ਇੱਕ ਕੇਅਰਟੇਕਰ ਵੀ ਹੋਵੇਗਾ। ਸਕੂਲ ਅੰਦਰਲੀ ਬਣਤਰ, ਰੈਸਟ ਰੂਮ ਦੀ ਵਿਵਸਥਾ, ਲੜਕੇ ਅਤੇ ਲੜਕੀਆਂ ਲਈ ਵੱਖਰੇ ਪਖਾਨੇ,ਸਾਰੇ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਾਜ਼ਮੀ ਕੀਤੇ ਗਏ ਹਨ। ਪਲੇਅ-ਵੇ ਵਿੱਚ ਬੱਚਿਆਂ ਨੂੰ ਖੇਡਾਂ ਰਾਹੀਂ ਸਿਖਾਇਆ ਜਾਣਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਡਰਾਉਣ ਜਾ ਧਮਕਾਉਣ ਤੇ ਪਾਬੰਦੀ ਹੈ। ਬੱਚਿਆਂ ਤੇ ਕੰਮ ਦਾ ਕੋਈ ਬੋਝ ਨਹੀਂ ਹੋਵੇਗਾ l ਪਲੇਅ-ਵੇ ਦੇ ਅੰਦਰ ਲਾਇਬ੍ਰੇਰੀ ਦਾ ਪ੍ਰਬੰਧ ਹੋਵੇਗਾ। ਹਰ ਮਹੀਨੇ ਬੱਚੇ ਦੀ ਸਿਹਤ ਜਾਂਚ ਹੋਵੇਗੀ ਅਤੇ ਸਕੂਲ ਬੱਚੇ ਦੇ ਟੀਕਾਕਰਨ ਦਾ ਰਿਕਾਰਡ ਰੱਖੇਗਾ। ਬੱਚਿਆਂ ਦੀ ਸੁਰੱਖਿਆ ਲਈ ਫਾਇਰ ਸੇਫਟੀ, ਸਿਹਤ ਸਹੂਲਤਾਂ ਸਭ ਦੀ ਜਾਂਚ ਕੀਤੀ ਜਾਵੇਗੀ। ਸਕੂਲ ਵਿੱਚ ਫੀਸਾਂ ਕਿਵੇਂ ਲਈਆਂ ਜਾਣਗੀਆਂ ਇਸ ਬਾਰੇ ਦਿਸ਼ਾ-ਨਿਰਦੇਸ਼ ਹੋਣਗੇ। ਦਾਖਲੇ ਦੇ ਸਮੇਂ ਬੱਚੇ ਦਾ ਕੋਈ ਸਕ੍ਰੀਨਿੰਗ ਟੈਸਟ ਅਤੇ ਮਾਪਿਆਂ ਦੀ ਇੰਟਰਵਿਊ ਨਹੀਂ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਹਦਾਇਤਾਂ ਜਾਰੀ ਹੋਣ ਤੋਂ ਇੱਕ ਮਹੀਨੇ ਵਿੱਚ ਹੋਣੀ ਜ਼ਰੂਰੀ ਹੈ ਜੋ ਕਿ ਹਰ ਸਾਲ ਵਿਚਾਰੀ ਜਾਵੇਗੀ l ਰਜਿਸ਼ਟ੍ਰੇਸ਼ਨ ਕਰਵਾਓਣ ਲਈ ਕਮਰਾ ਨੰ 308-09 ਵਿਚ ਦਫਤਰ ਸੀ.ਡੀ.ਪੀ.ਓ. ਤਰਨ ਤਾਰਨ ਨਾਲ ਜਾਂ ਜ਼ਿਲਾ ਪ੍ਰੌਗਰਾਮ ਅਫਸਰ ਤਰਨ ਤਾਰਨ ਦਫਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਇੱਕ ਮਹੀਨੇ ਦੇ ਅੰਦਰ-ਅੰਦਰ ਜੋ ਪਲੇਅ-ਵੇ ਸਕੂਲਾਂ ਦੀ ਰਜਿਸਟਰੇਸ਼ਨ ਨਹੀ ਹੋਵੇਗੀ ਉਹਨਾਂ ਸਕੂਲਾਂ ਦੇ ਖਿਲਾਫ ਕਾਰਵਾਈ ਹਵੇਗੀ।