ਤਰਨਤਾਰਨ, 23 ਅਕਤੂਬਰ : ਜਿਲੇ ਦੀਆਂ ਸਹਿਕਾਰੀ ਸੁਸਾਇਟੀਆਂ ਜੋ ਕਿ ਖੇਤੀਬਾੜੀ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ, ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਸਹਿਕਾਰੀ ਸੁਸਾਇਟੀਆਂ ਦੇ ਇੰਸਪੈਕਟਰਾਂ ਅਤੇ ਸੈਕਟਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੇ ਜਿਲੇ ਦੇ ਲੋਕਾਂ ਦੀਆਂ ਖੇਤੀਬਾੜੀ ਸਬੰਧੀ ਲੋੜਾਂ, ਜਿਸ ਵਿੱਚ ਖੇਤੀਬਾੜੀ ਸੰਦ, ਖਾਦਾਂ ਆਦਿ ਮੁੱਢਲੇ ਤੌਰ ਉਤੇ ਸ਼ਾਮਿਲ ਹਨ, ਨੂੰ ਅਸਾਨ ਤਰੀਕੇ ਨਾਲ ਪੂਰਾ ਕਰਨ ਲਈ ਸਹਿਕਾਰਤਾ ਲਹਿਰ ਨੂੰ ਮਜਬੂਤ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਇੰਨਾ ਸੁਸਾਇਟੀਆਂ ਰਾਹੀਂ ਕਿਰਸਾਨੀ ਨਾਲ ਸਬੰਧਤ ਬਹੁਤ ਵੱਡੇ ਫੈਸਲੇ ਕਰਨ ਜਾ ਰਹੀ ਹੈ, ਇਸ ਲਈ ਆਪਣੇ ਜਿਲੇ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਸੁਸਾਇਟੀਆਂ ਨੂੰ ਪੈਰਾਂ ਸਿਰ ਕਰੋ। ਉਨ੍ਹਾਂ ਇਸ ਮੌਕੇ ਕਣਕ ਦੀ ਬਿਜਾਈ ਲਈ ਬਿਨਾਂ ਪਰਾਲੀ ਨੂੰ ਅੱਗ ਲਗਾਏ ਬਿਜਾਈ ਕਰਨ ਵਾਲੇ ਸਰਫੇਸ ਸੀਡਰ ਦੀ ਖਰੀਦ ਕਰਨ ਅਤੇ ਸੁਸਾਇਟੀਆਂ ਵਿੱਚ ਡੀ ਏ ਪੀ ਦੀ ਸਪਲਾਈ ਬਾਰੇ ਵੀ ਵਿਸਥਾਰ ਜਾਣਿਆ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਨਵਾਂ ਆਇਆ ਸੰਦ ਸਰਫੇਸ ਸੀਡਰ ਦੀ ਕੁੱਲ ਕੀਮਤ 80 ਹਜ਼ਾਰ ਰੁਪਏ ਹੈ, ਜਿਸ ਵਿਚੋਂ 64 ਹਜਾਰ ਰੁਪਏ ਸਰਕਾਰ ਵੱਲੋਂ ਸੁਸਾਇਟੀਆਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਕੇਵਲ 16 ਹਜਾਰ ਰੁਪਏ ਦੇ ਕੇ ਤੁਸੀਂ ਆਪਣੇ ਮੈਂਬਰ ਕਿਸਾਨਾਂ ਦੀ ਕਣਕ ਬਿਨਾ ਪਰਾਲੀ ਸਾੜੇ ਬਹੁਤ ਹੀ ਘੱਟ ਖਰਚ ਉਤੇ ਬੀਜ ਸਕਦੇ ਹੋ। ਇਸ ਤਰ੍ਹਾਂ ਇਕ ਤਾਂ ਕਿਸਾਨ ਦਾ ਖੇਤੀ ਖਰਚਾ ਘਟੇਗਾ ਉਥੇ ਪਰਾਲੀ ਖੇਤਾਂ ਵਿੱਚ ਵਾਹੇ ਜਾਣ ਨਾਲ ਖੇਤਾਂ ਨੂੰ ਮੁਫ਼ਤ ਵਿਚ ਬੇਸ਼ਕੀਮਤੀ ਤੱਤ ਖਾਦ ਦੇ ਰੂਪ ਵਿੱਚ ਮਿਲਣਗੇ। ਡਿਪਟੀ ਕਮਿਸ਼ਨਰ ਨੇ ਸਾਰੇ ਸੈਕਟਰੀਆਂ ਨੂੰ ਆਪਣੇ ਇਲਾਕੇ ਵਿੱਚ ਪੈਂਦੀਆਂ ਦੋ ਦੋ ਸੁਸਾਇਟੀਆਂ ਨੂੰ ਮੁਨਾਫ਼ੇ ਵਿੱਚ ਲਿਆਉਣ ਲਈ ਪ੍ਰੇਰਿਆ, ਤਾਂ ਜੋ ਸਹਿਕਾਰਤਾ ਲਹਿਰ ਨੂੰ ਜਿਲੇ ਵਿੱਚ ਮਜ਼ਬੂਤ ਕਰਨ ਦੀ ਠੋਸ ਸ਼ੁਰੂਆਤ ਹੋ ਸਕੇ। ਇਸ ਮੌਕੇ ਡੀ ਆਰ ਸੁੱਖਾ ਸਿੰਘ ਅਤੇ ਏ ਆਰ ਦਵਿੰਦਰ ਸਿੰਘ ਵੀ ਵਿਸੇਸ ਤੌਰ ਉਤੇ ਹਾਜ਼ਰ ਸਨ।