- ਹਾਟਸਪੋਟ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਸਮੇਤ ਅੱਗ ਰੋਕਣ ਲਈ ਨਿਯੁਕਤ ਕੀਤੇ ਅਧਿਕਾਰੀਆਂ ਨੇ ਕੀਤੀ ਸ਼ਮੂਲੀਅਤ
ਬਟਾਲਾ, 10 ਅਕਤੂਬਰ: ਜਿਲਾ ਗੁਰਦਾਸਪੁਰ ਅੰਦਰ ਸਟੱਬਲ ਬਰਨਿੰਗ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਕੀਤੇ ਜਾ ਰਹੇ ਉਪਰਾਲਿਆਂ ਦੇ ਚਲਦਿਆਂ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁਖ ਖੇਤੀਬਾੜੀ ਅਫਸਰ ਡਾ. ਕਿਰਪਾਲ ਸਿੰਘ ਢਿਲੋਂ ਦੀ ਅਗਵਾਈ ਹੇਠ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਇਕ ਜਿਲਾ ਪੱਧਰੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਜਿਲੇ ਦੇ 55 ਹੋਟਸਪੋਟ ਪਿੰਡਾਂ ਦੇ ਪੰਚ ਸਰਪੰਚ, ਨੰਬਰਦਾਰ ਤੇ ਅਗਾਹਵਧੂ ਕਿਸਾਨ ਨੇ ਭਾਗ ਲਿਆ, ਜਿਨਾਂ ਨੂੰ ਡਿਪਟੀ ਕਮਿਸ਼ਨਰ ਨੇ ਅੱਗ ਨਾ ਲਗਾਉਣ ਸਬੰਧੀ ਸਹੁੰ ਵੀ ਚੁਕਵਾਈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਨਿਯੁਕਤ ਕੀਤੇ ਗਏ ਬਲਾਕ ਕੁਆਰਡੀਨੇਟਰ ਨੋਡਲ ਅਫਸਰ, ਅਧਿਕਾਰੀ ਤੇ ਕਰਮਚਾਰੀ ਇਸ ਵਰਕਸ਼ਾਪ ਵਿਚ ਸ਼ਾਮਲ ਹੋਏ। ਇਸ ਮੌਕੇ ਬਟਾਲਾ ਦੇ ਐਸਡੀਐਮ ਸ੍ਰੀਮਤੀ ਸ਼ਾਇਰੀ ਮਲਹੋਤਰਾ, ਡੇਰਾ ਬਾਬਾ ਨਾਨਕ ਦੇ ਐਸਡੀਐਮ ਅਸ਼ਵਨੀ ਅਰੋੜਾ,ਤਹਿਸੀਲਦਾਰ ਅਭਿਸ਼ੇਕ ਵਰਮਾ, ਜਿਲਾ ਸਿਖਲਾਈ ਅਫਸਰ ਡਾ. ਅਮਰੀਕ ਸਿੰਘ, ਡੀਡੀਪੀਓ ਸਤੀਸ਼ ਕੁਮਾਰ, ਸਹਿਕਾਰੀ ਸਭਾਵਾਂ ਦੇ ਅਸਿਸਟੈਂਟ ਰਜਿਸਟਾਰ, ਬੀਡੀਪੀਓ. ਖੇਤੀਬਾੜੀ ਵਿਭਾਗ ਦੇ ਬਲਾਕ ਅਧਿਕਾਰੀ, ਏਡੀਓ. ਏਈਓ ਤੋ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਸੰੰਬੋਧਨ ਕਰਦਿਆਂ ਡਿਪਟੀ ਹਿਮਾਂਸ਼ੂ ਅਗਰਵਾਲ ਨੇ ਸਮੂਹ ਹਾਟਸਪੋਟ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰ ਮੋਹਤਬਰ ਕਿਸਾਨਾਂ ਸਮੇਤ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡਾ ਅੰਦਰ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ। ਉਨ੍ਹਾਂ ਰਹਿੰਦ ਖੂਹੰਦ ਦੀ ਅੱਗ ਨਾਲ ਹੋਣ ਵਾਲੇ ਨੁਕਸਾਨਾਂ ਦੇ ਕਈ ਵੇਰਵੇ ਦਿੰਦਿਆਂ ਕਿਹਾ ਕਿ ਇਹ ਅੱਗ ਕਿਸੇ ਤਰ੍ਹਾਂ ਲਾਭਦਾਇਕ ਨਹੀਂ ਹੈ। ਉਨ੍ਹਾਂ ਸਰਕਾਰ ਵੱਲੋਂ ਦਿੱਤੀਆਂ ਕਈ ਯੋਜਨਾਵਾਂ ਦਾ ਹਵਾਲਾ ਦਿੱਤਾ ਅਤੇ ਕਿਸਾਨਾਂ ਨੂੰ ਮੁੜ ਪੁਰਜੋਰ ਅਪੀਲ ਕੀਤੀ ਕਿ ਹਾਟਸਪਾਟ ਵਾਲੇ ਪਿੰਡਾਂ ਵਿੱਚ ਅੱਗ ਨਹੀ ਲਗਾਈ ਜਾਵੇਗੀ ਤਾਂ ਇਨ੍ਹਾਂ ਪਿੰਡਾਂ ਨੂੰ 1 ਲੱਖ ਦੀ ਵਿਸ਼ੇਸ਼ ਗ੍ਰਾਂਟ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਿਹੜੇ ਕਿਸਾਨ ਅੱਗ ਨਹੀਂ ਲਗਾਉਣਗੇ ਉਨ੍ਹਾਂ ਨੂੰ ਵਾਤਾਵਰਣ ਦੇ ਰਾਖੇ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਟੱਬਲ ਬਰਨਿੰਗ ਦੀ ਡਿਊਟੀ ਦੇ ਰਹੇ ਜਿਹੜੇ ਅਧਿਕਾਰੀ ਪੂਰੀ ਤਨਦੇਹੀ ਨਾਲ ਚੰਗੀ ਤਰ੍ਹਾਂ ਡਿਊਟੀ ਨਿਭਾਉਣਗੇ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।