ਪਠਾਨਕੋਟ, 30 ਅਪ੍ਰੈਲ : ਪਠਾਨਕੋਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਧੋਖਾਧੜੀ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਲਜੋਧ ਮਸੀਹ ਅਤੇ ਲੱਕੀ ਵਜੋਂ ਹੋਈ ਹੈ, ਜੋ ਬਿਨਾਂ ਲਾਇਸੈਂਸ ਤੋਂ ਇਮੀਗ੍ਰੇਸ਼ਨ ਦਫਤਰ ਚਲਾ ਰਹੇ ਸਨ ਅਤੇ ਵਿਦੇਸ਼ ਭੇਜਣ ਲਈ ਲੋਕਾਂ ਤੋਂ ਧੋਖੇ ਨਾਲ ਪੈਸੇ ਇਕੱਠੇ ਕਰ ਰਹੇ ਸਨ। ਪ੍ਰੈਸ ਮੀਡੀਆ ਨੂੰ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਥਾਣਾ ਸਦਰ ਪਠਾਨਕੋਟ ਦੇ ਐਸ.ਐਚ.ਓ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਰਨਾ ਨੇੜੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇੱਕ ਇਲਾਕਾ ਨਿਵਾਸੀ ਵੱਲੋਂ ਇਤਲਾਹ ਮਿਲੀ ਕਿ ਇੱਕ ਵਿਅਕਤੀ ਵੱਲੋਂ ਇਮੀਗ੍ਰੇਸ਼ਨ ਦਫ਼ਤਰ ਬਿਨਾਂ ਲਾਇਸੈਂਸ ਦੇ ਚਲਾਇਆ ਜਾ ਰਿਹਾ ਹੈ। ਜਾਂਚ ਕਰਨ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਇਹ ਦਫ਼ਤਰ ਭੋਲੇ-ਭਾਲੇ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂਅ ‘ਤੇ ਧੋਖੇ ਨਾਲ ਪੈਸੇ ਇਕੱਠੇ ਕਰ ਰਿਹਾ ਸੀ। ਦਫਤਰ ਨੇ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਸਨ ਅਤੇ ਉਨ੍ਹਾਂ ਨੂੰ ਕੁਵੈਤ ਦੀ ਇਕ ਕੰਪਨੀ ਦੁਆਰਾ ਛਾਪੇ ਗਏ ਨਕਲੀ ਸਟੈਪ ਪੈਡ ਪ੍ਰਦਾਨ ਕੀਤੇ ਸਨ। ਪੁੱਛਗਿੱਛ ਕਰਨ ‘ਤੇ ਦੋਵੇਂ ਮੁਲਜ਼ਮ ਜਲਜੋਧ ਮਸੀਹ ਅਤੇ ਲੱਕੀ ਬਿਨਾਂ ਕਿਸੇ ਮਾਨਤਾ ਪ੍ਰਾਪਤ ਲਾਇਸੈਂਸ ਜਾਂ ਦਸਤਾਵੇਜ਼ ਦੇ ਦਫ਼ਤਰ ਚਲਾ ਰਹੇ ਸਨ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਮੁਲਜ਼ਮ ਲੋਕਾਂ ਨਾਲ ਧੋਖਾਧੜੀ ਕਰਨ ਲਈ ਜਾਅਲੀ ਦਸਤਾਵੇਜ਼ਾਂ ਅਤੇ ਪਾਸਪੋਰਟਾਂ ਦੀ ਵਰਤੋਂ ਕਰ ਰਹੇ ਸਨ।ਪੁਲਿਸ ਟੀਮ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਹਾਲਾਂਕਿ ਥੋੜੀ ਦੇਰ ਤੱਕ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 467, 468, 471 ਅਤੇ ਇਮੀਗ੍ਰੇਸ਼ਨ ਐਕਟ ਦੀ 24 ਤਹਿਤ ਦੋਸ਼ ਲਾਏ ਗਏ ਹਨ। ਇਸ ਸਬੰਧੀ ਥਾਣਾ ਸਦਰ ਪਠਾਨਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ‘ਤੇ ਬੋਲਦਿਆਂ, ਐਸ.ਐਸ.ਪੀ. ਖੱਖ ਨੇ ਕਿਹਾ, “ਅਸੀਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ। ਅਸੀਂ ਕਿਸੇ ਨੂੰ ਵੀ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੇ। ਅਸੀਂ ਜਨਤਾ ਨੂੰ ਅਜਿਹੇ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹਾਂ। ਕਿਸੇ ਵੀ ਸ਼ੱਕੀ ਗਤੀਵਿਧੀ ਦੀ ਪੁਲਿਸ ਨੂੰ ਰਿਪੋਰਟ ਕਰਨ ਲਈ ਪ੍ਰੇਰਿਤ ਕਰਦੇ ਹਾਂ।” ਇਹ ਫਰਜ਼ੀ ਇਮੀਗ੍ਰੇਸ਼ਨ ਰੈਕੇਟਾਂ ਦੇ ਖਿਲਾਫ ਸਾਡੀ ਲੜਾਈ ਵਿੱਚ ਇੱਕ ਮਹੱਤਵਪੂਰਨ ਸਫਲਤਾ ਹੈ। ਅਸੀਂ ਅਜਿਹੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਦੇ ਰਹਾਂਗੇ। ਪਠਾਨਕੋਟ ਪੁਲਿਸ ਨੇ ਆਮ ਜਨਤਾ ਨੂੰ ਇਮੀਗ੍ਰੇਸ਼ਨ ਦਫਤਰਾਂ ਨਾਲ ਕੰਮ ਕਰਦੇ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਦਾਇਗੀ ਕਰਨ ਤੋਂ ਪਹਿਲਾਂ ਲਾਇਸੈਂਸ ਅਤੇ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਅਪੀਲ ਕੀਤੀ ਹੈ। ਪਠਾਨਕੋਟ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਮੁਲਜ਼ਮਾਂ ਜਾਂ ਕਿਸੇ ਅਜਿਹੇ ਇਮੀਗ੍ਰੇਸ਼ਨ ਰੈਕੇਟ ਦੁਆਰਾ ਧੋਖਾਧੜੀ ਦਾ ਸ਼ਿਕਾਰ ਹੋਏ ਹਨ ਤਾਂ ਉਹ ਅੱਗੇ ਆਉਣ।ਉਨ੍ਹਾਂ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।