- ਜੋਸ਼ ਉਤਸਵ ਵਿੱਚ ਪਹੁੰਚੇ ਲੋਕਾਂ `ਤੇ ਪੈਰਾ ਗਲਾਈਡਰ ਰਾਹੀਂ ਕੀਤੀ ਜਾ ਰਹੀ ਹੈ ਫੁੱਲਾਂ ਦੀ ਵਰਖਾ
ਗੁਰਦਾਸਪੁਰ, 28 ਅਕਤੂਬਰ : ਸਰਦਾਰ ਹਰੀ ਸਿੰਘ ਨਲੂਆ ਜੋਸ਼ ਉਤਸਵ ਦੌਰਾਨ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਲੱਗੇ ਫੂਡ ਸਟਾਲ ਅਤੇ ਕਰਾਫਟ ਬਜ਼ਾਰ ਦੇ ਸਟਾਲਾਂ ਨੇ ਜੋਸ਼ ਉਤਸਵ ਨੂੰ ਮੇਲੇ ਦਾ ਰੂਪ ਦੇ ਦਿੱਤਾ ਹੈ। ਸਟੇਡੀਅਮ ਵਿੱਚ ਇੱਕ ਪਾਸੇ ਫੂਡ ਸਟਾਲ ਲਗਾਏ ਗਏ ਹਨ ਜਿਥੇ ਵੱਖ-ਵੱਖ ਪਕਵਾਨਾਂ ਨੂੰ ਪਰੋਸਿਆ ਜਾ ਰਿਹਾ ਹੈ। ਜੋਸ਼ ਉਤਸਵ ਵਿੱਚ ਪਹੁੰਚੇ ਲੋਕ ਫੂਡ ਸਟਾਲਾਂ ਤੋਂ ਵੱਖ-ਵੱਖ ਪਕਵਾਨਾਂ ਦਾ ਜਾਇਕਾ ਲੈ ਰਹੇ ਹਨ। ਓਥੇ ਨਾਲ ਹੀ ਸਟੇਡੀਅਮ ਦੇ ਦੂਜੇ ਪਾਸੇ ਕਰਾਫਟ ਬਜ਼ਾਰ ਲਗਾਇਆ ਗਿਆ ਹੈ ਜਿਸ ਵਿੱਚ ਸਵੈ ਸਹਾਇਤਾ ਸਮੂਹਾਂ ਤੋਂ ਇਲਾਵਾ ਦਸਤਕਾਰਾਂ ਵੱਲੋਂ ਆਪਣੇ ਹੱਥੀਂ ਬਣਾਏ ਗਏ ਸਮਾਨ ਨੂੰ ਵੇਚਣ ਲਈ ਰੱਖਿਆ ਗਿਆ ਹੈ। ਲੋਕ ਜਿਥੇ ਜੋਸ਼ ਉਤਸਵ ਵਿੱਚ ਸਰਦਾਰ ਹਰੀ ਸਿੰਘ ਨਲਵਾ ਨਾਲ ਸਬੰਧਤ ਇਤਿਹਾਸ ਸੁਣ ਰਹੇ ਅਤੇ ਵੱਖ-ਵੱਖ ਵੰਨਗੀਆਂ ਦਾ ਅਨੰਦ ਮਾਣ ਰਹੇ ਹਨ ਓਥੇ ਨਾਲ ਹੀ ਇਨ੍ਹਾਂ ਸਟਾਲਾਂ ਤੋਂ ਖਰੀਦਦਾਰੀ ਵੀ ਕਰ ਰਹੇ ਹਨ। ਫੂਡ ਸਟਾਲਾਂ ਅਤੇ ਕਰਾਫ਼ਟ ਬਜ਼ਾਰ ਦੇ ਸਟਾਲਾਂ ਨਾਲ ਜੋਸ਼ ਉਤਸਵ ਦੀ ਰੌਣਕਾਂ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋਸ਼ ਉਤਸਵ ਵਿੱਚ ਆਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿਣ ਦੇ ਨਾਲ ਪੈਰਾਗਲਾਈਡਰ ਰਾਹੀਂ ਉਨ੍ਹਾਂ ਉੱਪਰ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈ।