- ਜੋਸ਼ ਉਤਸਵ ਦੌਰਾਨ ਜੋਸ਼ ਭਰਪੂਰ ਪੇਸ਼ਕਾਰੀਆਂ ਨੂੰ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਪਸੰਦ
ਗੁਰਦਾਸਪੁਰ, 28 ਅਕਤੂਬਰ : ਪੰਜਾਬ ਸਰਕਾਰ ਵੱਲੋਂ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਸਮਰਪਿਤ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਜੋਸ਼ ਉਤਸਵ ਦੌਰਾਨ ਜੋਸ਼ ਭਰਪੂਰ ਪੇਸ਼ਕਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਬੀਤੀ ਸ਼ਾਮ ਜੋਸ਼ ਉਤਸਵ ਦੇ ਪਹਿਲੇ ਦਿਨ ਗਤਕੇ ਦੀ ਜੋਸ਼ ਭਰਪੂਰ ਪੇਸ਼ਕਾਰੀ ਨੇ ਸਾਰੇ ਦਰਸ਼ਕਾਂ ਦੇ ਲੂੰ-ਕੰਢੇ ਖੜ੍ਹੇ ਕਰ ਦਿੱਤੇ। ਪ੍ਰਦੀਪ ਸਿੰਘ ਦੀ ਅਗਵਾਈ ਹੇਠ ਧਾਰੀਵਾਲ ਦੇ ਗਤਕਾ ਗਰੁੱਪ ਵੱਲੋਂ ਸਿੱਖ ਮਾਰਸ਼ਲ ਆਰਟ ਗਤਕੇ ਦੀ ਬੇਹੱਦ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਖ਼ਾਲਸਾਈ ਬਾਣੇ ਵਿੱਚ ਸਜੇ ਸਿੰਘਾਂ ਵੱਲੋਂ ਗਤਕੇ ਦੀਆਂ ਵੱਖ-ਵੱਖ ਵੰਨਗੀਆਂ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਕੇ ਹਾਜ਼ਰ ਸਾਰੇ ਦਰਸ਼ਕਾਂ ਵਿੱਚ ਜੋਸ਼ ਭਰ ਦਿੱਤਾ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰੀਨਾ ਅਗਰਵਾਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਨਰੇਸ਼ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਰਵਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਾਬਕਾ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਸਮੇਤ ਸਾਰੇ ਅਧਿਕਾਰੀਆਂ ਅਤੇ ਮਹਿਮਾਨਾਂ ਦੇ ਨਾਲ ਸਾਰੇ ਦਰਸ਼ਕਾਂ ਨੇ ਇਸ ਜੋਸ਼ ਭਰਪੂਰ ਪੇਸ਼ਕਾਰੀ ਦਾ ਅਨੰਦ ਮਾਣਿਆ। ਗਤਕੇ ਦੀ ਪੇਸ਼ਕਾਰੀ ਦੌਰਾਨ ਹਾਜ਼ਰ ਦਰਸ਼ਕਾਂ ਨੇ ਜੈਕਾਰੇ ਬੁਲਾ ਕੇ ਗਤਕਾ ਖੇਡ ਰਹੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਸਰਦਾਰ ਹਰੀ ਸਿੰਘ ਨਲੂਆ ਦੀ ਯਾਦ ਵਿੱਚ ਕਰਵਾਏ ਜਾ ਰਹੇ ਜੋਸ਼ ਉਤਸਵ ਦੌਰਾਨ ਅਜਿਹੀਆਂ ਜੋਸ਼ ਭਰਪੂਰ ਪੇਸ਼ਕਾਰੀਆਂ ਨੂੰ ਨੌਜਵਾਨਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।