- ਕਮਿਸ਼ਨਰ ਵਲੋਂ ਫੋਕਲ ਪੁਆਇੰਟਾਂ ਦੀ ਸੁਰੱਖਿਆ ਲਈ ਹਰ ਸੰਭਵ ਮਦਦ ਦਾ ਭਰੋਸਾ
ਅੰਮ੍ਰਿਤਸਰ 27 ਫਰਵਰੀ : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿੱਚ ਵਪਾਰੀਆਂ ਅਤੇ ਸਨਅਤਕਾਰਾਂ ਪੱਖੀ ਮਾਹੌਲ ਉਸਾਰਨ ਦੀ ਕੀਤੀ ਜਾ ਰਹੀ ਲਗਾਤਾਰ ਕੋਸਿ਼ਸ਼ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਅਤੇ ਕਾਰਪੋਰੇਸ਼ਨ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਸ਼ਹਿਰ ਦੀਆਂ ਸਾਰੀਆਂ ਕਾਰੋਬਾਰੀ ਜੱਥੇਬੰਦੀਆਂ ਜਿਨਾਂ ਵਿੱਚ ਸਨਅਤਕਾਰ ਅਤੇ ਵਪਾਰੀਆਂ ਦੀਆਂ ਪ੍ਰਮੁੱਖ ਐਸ਼ੋਸ਼ੀਏਸ਼ਨ ਸ਼ਾਮਲ ਸਨ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਕਾਰੋਬਾਰੀਆਂ ਨੂੰ ਕਿਹਾ ਕਿ ਉਹ ਜਿਲ੍ਹੇ ਪੱਧਰ ਤੇ ਹੋਣ ਵਾਲੇ ਕੰਮਾਂ ਸਬੰਧੀ ਵੇਰਵੇ ਸਾਡੇ ਨਾਲ ਸਾਂਝੇ ਕਰਨ ਤਾਂ ਜੋ ਉਨਾਂ ਦਾ ਤੁਰੰਤ ਹੱਲ ਕੱਢਿਆ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਪੱਧਰ ਤੇ ਲਏ ਜਾਣ ਵਾਲੇ ਫੈਸਲੇ ਵੀ ਜੇਕਰ ਸਨਅਤਕਾਰ ਜਾਂ ਵਪਾਰੀ ਸਾਡੇ ਧਿਆਨ ਵਿੱਚ ਲਿਆਉਂਦੇ ਹਨ ਤਾਂ ਅਸੀਂ ਇਸ ਨੂੰ ਮੁੱਖ ਸਕੱਤਰ ਪੰਜਾਬ ਦੇ ਧਿਆਨ ਵਿੱਚ ਲਿਆ ਕੇ ਇਨਾਂ ਦਾ ਹਰ ਸੰਭਵ ਹਲ ਕਰਨ ਦੀ ਕੋਸਿ਼ਸ਼ ਕਰਾਂਗੇ। ਉਨਾਂ ਕਿਹਾ ਕਿ ਮੈਂ ਚਾਹਾਂਗਾ ਕਿ ਸ਼ਹਿਰ ਦੇ ਸਾਰੇ ਕਾਰੋਬਾਰੀਆਂ ਨਾਲ ਹਰ ਮਹੀਨੇ ਮੀਟਿੰਗ ਕੀਤੀ ਜਾਵੇ ਜਿਸ ਵਿੱਚ ਸਾਰੇ ਪ੍ਰਤੀਨਿਧੀਆਂ ਵਲੋਂ ਆਪੋ ਆਪਣੇ ਕਾਰੋਬਾਰ ਸਬੰਧੀ ਆ ਰਹੀਆਂ ਮੁਸ਼ਕਿਲਾਂ `ਤੇ ਵਿਚਾਰ ਕਰਕੇ ਇਨਾਂ ਦਾ ਸਥਾਈ ਹੱਲ ਕੱਢਿਆ ਜਾ ਸਕੇ। ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਤੁਹਾਡੀ ਸਹਾਇਤਾ ਅਤੇ ਸੁਰੱਖਿਆ ਲਈ ਹਰ ਵੇਲੇ ਤਿਆਰ ਹੈ। ਉਨਾਂ ਕਿਹਾ ਕਿ ਲਗਾਤਾਰ ਅਪਰਾਧੀ ਬਿਰਤੀ ਲੋਕਾਂ `ਤੇ ਸਿ਼ਕੰਜਾ ਕੱਸਿਆ ਜਾ ਰਿਹਾ ਹੈ ਅਤੇ ਲਗਾਤਾਰ ਗ੍ਰਿਫਤਾਰੀਆਂ ਜਾਰੀ ਹਨ। ਉਨਾਂ ਦੱਸਿਆ ਕਿ ਹਾਲ ਹੀ ਵਿੱਚ ਫੋਕਲ ਪੁਆਇੰਟ ਵਿੱਚ ਗਸ਼ਤ ਲਈ ਦੋ ਮੋਟਰਸਾਈਕਲ ਪਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਜਲਦੀ ਹੀ ਨਿਊ ਫੋਕਲ ਪੁਆਇੰਟ ਲਈ ਗਸ਼ਤ ਪਾਰਟੀਆਂ ਤਾਇਨਾਤ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰੂ ਬਾਜ਼ਾਰ ਵਿੱਚ ਸੁਰੱਖਿਆ ਦਸਤੇ ਵਧਾਏ ਗਏ ਹਨ। ਵਪਾਰੀ ਐਸ਼ੋਸੀਏਸ਼ਨ ਨੇ ਇਸ ਮੌਕੇ ਪੁਲਿਸ ਕਮਿਸ਼ਨਰ ਵਲੋਂ ਬੀਤੇ ਦਿਨੀ ਇਕ ਕਰੋੜ ਰੁਪਏ ਮਾਲ ਦੀ ਕੀਤੀ ਚੋਰੀ ਵਿੱਚ ਵਿਖਾਈ ਮੁਸ਼ਤੈਦੀ ਲਈ ਧੰਨਵਾਦ ਕੀਤਾ। ਜਿਸ ਸਦਕਾ ਪੁਲਿਸ ਨੇ ਵੱਡੀ ਰਿਕਵਰੀ ਵੀ ਕੀਤੀ ਹੈ। ਕਾਰਪੋਰੇਸ਼ਨ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਸ਼ਹਿਰ ਵਿੱਚ ਸਫ਼ਾਈ ਅਤੇ ਸੀਵਰੇਜ ਦੇ ਮੁੱਦੇ `ਤੇ ਵਪਾਰੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਕਿਹਾ ਕਿ ਅਸੀਂ ਸਫ਼ਾਈ ਲਈ ਨਵੀਆਂ ਟ੍ਰਾਲੀਆਂ ਟ੍ਰੈਕਟਰ ਲਗਾਏ ਹਨ, ਜਿਨਾਂ ਦੀ ਗਿਣਤੀ ਲਗਾਤਾਰ ਵਧਾਈ ਜਾਵੇਗੀ। ਉਨਾਂ ਕਿਹਾ ਕਿ ਇਸ ਮਸਲੇ `ਤੇ ਉਹ ਵਿਭਾਗ ਦੇ ਸਕੱਤਰ ਨਾਲ ਵੀ ਲਗਾਤਾਰ ਤਾਲਮੇਲ ਰੱਖ ਰਹੇ ਹਨ ਅਤੇ ਇਸਦਾ ਸਥਾਈ ਹੱਲ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਸ੍ਰੀ ਪਿਆਰੇ ਲਾਲ ਸੇਠ, ਆਪ ਦੇ ਵਪਾਰ ਵਿੰਗ ਕੁਆਰਡੀਨੇਟਰ ਸ: ਗੁਰਪ੍ਰੀਤ ਸਿੰਘ ਕਟਾਰੀਆ, ਸਮੀਰ ਜੈਨ, ਵਜੀਰ ਦੁੱਗਲ, ਧੀਰਜ ਕਾਕੜੀਆ, ਗਿੰਨੀ ਭਾਟੀਆ ਅਤੇ ਹੋਰ ਕਾਰੋਬਾਰੀ ਹਾਜਰ ਸਨ।