ਪਾਠਾਨਕੋਟ, 25 ਦਸੰਬਰ : ਉੱਤਰੀ ਸਿੱਕਮ ਵਿੱਚ ਵਾਪਰੇ ਹਾਦਸੇ ਦੌਰਾਨ ਜਿੱਥੇ 16 ਜਵਾਨ ਸ਼ਹੀਦ ਹੋ ਗਏ, ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਵਸਨੀਕ ਓਮਕਾਰ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪੀਤਾ, ਜਿਸ ਦੀ ਮ੍ਰਿਤਕ ਦੇਹ ਅੱਜ ਸਵੇਰੇ ਪਿੰਡ ਪੁੱਜੀ ਤਾਂ ਹਰ ਅੱਖ ਨਮ ਹੋ ਗਈ। ਓਮਕਾਰ ਸਿੰਘ ਜੋ ਕਿ ਤੋਪਖਾਨਾ ਰੈਜੀਮੈਂਟ ਵਿੱਚ ਬਤੌਰ ਨਾਇਕ ਸੂਬੇਦਾਰ ਤਾਇਨਾਤ ਸਨ, ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਚਾਰ ਸਾਲਾ ਪੁੱਤਰ ਨੇ ਅਗਨੀ ਦਿੱਤੀ ਅਤੇ ਸ਼ਹੀਦ ਦੇ ਬਜ਼ੁਰਗ ਮਾਪਿਆਂ ਨੇ ਆਪਣੇ ਪੁੱਤਰ ਨੂੰ ਆਖਰੀ ਸਲਾਮੀ ਦਿੱਤਾ, ਸ਼ਹੀਦ ਓਮਕਾਰ ਸਿੰਘ ਦੀ ਯੂਨਿਟ ਤੋਂ ਆਏ ਮੇਜਰ ਯੋਗੇਸ਼ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਹਮੇਸ਼ਾ ਸ਼ਹੀਦ ਦੇ ਪਰਿਵਾਰ ਦੇ ਨਾਲ ਹੈ ਅਤੇ ਜਦੋਂ ਵੀ ਉਨ੍ਹਾਂ ਨੂੰ ਲੋੜ ਪਵੇ ਤਾਂ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਹਾਜ਼ਰ ਹੈ। ਇਸ ਸਬੰਧੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਸ਼ਹੀਦ ਦੇਸ਼ ਦੀ ਵਿਰਾਸਤ ਹਨ ਅਤੇ ਉਨ੍ਹਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ।