ਅੰਮ੍ਰਿਤਸਰ, 9 ਜਨਵਰੀ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੋਲਕਾਂ ਬਾਰੇ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਲਾਹ ਦਿੱਤੀ ਹੈ ਕਿ ਅਜਿਹੇ ਬਿਆਨ ਕਿਸੇ ਰਾਜਨੀਤਕ ਵਿਅਕਤੀ ਨੂੰ ਨਹੀਂ ਦੇਣੇ ਚਾਹੀਦੇ ਜਿਸ ਨਾਲ ਧਰਮ ਅਤੇ ਆਸਥਾ ਜੁੜੇ ਹੋਣ। ਜਥੇਦਾਰ ਨੇ ਛੱਤੀਸਗੜ੍ਹ ਵਿਧਾਨ ਸਭਾ ਵਿਚ ਭਾਜਪਾ ਦੇ ਇਕ ਵਿਧਾਇਕ ਵੱਲੋਂ ਸਿੱਖ ਵਿਧਾਇਕ ਖ਼ਿਲਾਫ਼ ਮਜ਼ਾਕੀਆ ਅਤੇ ਨਸਲੀ ਟਿੱਪਣੀ ਕਰਨ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਕਤ ਵਿਧਾਇਕ ਨੂੰ ਵਿਧਾਨ ਸਭਾ ਤੋਂ ਬਾਹਰ ਕਰਨ ਕੀਤਾ ਜਾਵੇ ਅਤੇ ਉਸਦੇ ਖਿਲਾਫ ਧਾਰਾ 295ਏ ਤਹਿਤ ਮਾਮਲਾ ਦਰਜ ਕੀਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਵਿਧਾਨ ਸਭਾ ਪਾਰਲੀਮੈਂਟ ਅਤੇ ਰਾਜ ਸਭਾ ਪਵਿੱਤਰ ਸਦਨ ਹਨ ਅਤੇ ਅਜਿਹੇ ਸਦਨ ਵਿਚ ਕਿਸੇ ਵਿਧਾਇਕ ਖਿਲਾਫ ਨਸਲੀ ਟਿੱਪਣੀ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਿਧਾਇਕ ਖਿਲਾਫ 295ਏ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਉਸਦੀ ਮੈਂਬਰਸ਼ਿਪ ਖਤਮ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵੱਡੀ ਪੱਧਰ ’ਤੇ ਕੁਰਬਾਨੀਆਂ ਦਿੱਤੀਆਂ ਹਨ। ਅਜਿਹਾ ਵਰਤਾਰਾ ਨਾ ਸਹਿਣਯੋਗ ਹੈ ।