ਅੰਮ੍ਰਿਤਸਰ ਸਾਹਿਬ, 24 ਫਰਵਰੀ : ਬੀਤੇ ਕੱਲ੍ਹ ਅਜਨਾਲਾ ਥਾਣੇ ‘ਚ ਹੋਈ ਘਟਨਾਂ ਬਾਰੇ ਪੰਜਾਬ ਦੇ ਡੀਜੀਪੀ ਵੱਲੋਂ ਮੀਡੀਆ ਸਾਹਮਣੇ ਆ ਕੇ ਸਾਰੀ ਘਟਨਾਂ ਬਾਰੇ ਲੋਕਾਂ ਨੂੰ ਭੰਬਲਭੂਸੇ ਤੇ ਦੁੱਚਿਤੀ ਵਾਲੀਆਂ ਗੱਲਾਂ ਕਰਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਕਿ ਇਸ ਵੱਡੇ ਸਿੱਖ ਮੁੱਦੇ ਤੇ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਹ ਸਭ ਕੁਝ ਵਾਪਰਿਆ ਹੈ ਤੇ ਜੋ ਵੀ ਹੋਇਆ ਚੰਗੇ ਮਾੜੇ ਬਾਰੇ, ਇਸ ਸਾਰੀ ਘਟਨਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪ੍ਰੈੱਸ ਵਿਚ ਆਪ ਖ਼ੁਦ ਮੀਡੀਆ ਸਾਹਮਣੇ ਆ ਕੇ ਬਿਆਨ ਦੇਣਾ ਚਾਹੀਦਾ ਸੀ ਪਰ ਇਸ ਦੇ ਉਲਟ ਹਰ ਵਾਰ ਦੀ ਤਰ੍ਹਾਂ ਮੀਡੀਆ ਤੋਂ ਪਾਸਾ ਵੱਟ ਕੇ ਪੁਲਿਸ ਦੇ ਉੱਚ ਅਧਿਕਾਰੀ ਕੋਲ਼ੋਂ ਪ੍ਰੈੱਸ ਵਾਰਤਾ ਕਰਵਾਉਣੀ ਇਹ ਇੱਕ ਸੋਚਣ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਹੀ ਪਹਿਲਾਂ ਪਰਚਾ ਦਰਜ ਕੀਤਾ ਫਿਰ ਜ਼ਿਲ੍ਹੇ ਦੇ ਕਪਤਾਨ ਵੱਲੋਂ ਜਾਂਚ ਕਰਨ ਦੀ ਗੱਲ ਕਹੀ ਗਈ ਪਰ ਫਿਰ ਤੁਹਾਡੀਆਂ ਖੂਫੀਆ ਏਜੰਸੀਆਂ ਨੇ ਕਿਉਂ ਨਾ ਜਾਣੂ ਕਰਵਾਇਆ ਕਿ ਉਹ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵੱਡੀ ਗਿਣਤੀ ਵਿਚ ਆ ਰਹੇ ਹਨ। ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਕਿ ਕੋਈ ਵੱਡੀ ਘਟਨਾ ਹੋਣ ਤੋਂ ਸਾਰਿਆਂ ਦਾ ਬਚਾ ਹੋ ਗਿਆ ਪਰ ਮੁੱਖ ਮੰਤਰੀ ਜੀ ਚੰਗਾ ਹੁੰਦਾ ਜੇ ਤੁਸੀਂ ਲੋਕਾਂ ਦੇ ਆਪ ਰੂਬਰੂ ਹੁੰਦੇ। ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਹਰੇਕ ਮੁੱਦੇ ਤੇ ਰਾਜਸੀ ਰੋਟੀਆਂ ਨਾਂ ਸੇਕੋ ਇਸ ਸਾਰਾ ਘਟਨਾਕ੍ਰਮ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੁਹਾਡੇ ਬਿਆਨ ਦੀ ਉਡੀਕ ਕਰ ਰਹੀਆਂ ਹਨ ਕਿ ਕੀ ਤੁਸੀਂ ਕੱਲ੍ਹ ਵਾਲੀ ਘਟਨਾ ਤੋਂ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਹੋ ਜਾਂ ਵਿਰੋਧ ਵਿਚ?