- ਕਈ ਥਾਵਾਂ ਉਤੇ ਅੱਗ ਬੁਝਾਊ ਗੱਡੀਆਂ ਬੁਲਾ ਕੇ ਅੱਗ ਬੁਝਾਈ
- ਡਿਪਟੀ ਕਮਿਸ਼ਨਰ ਵੱਲੋਂ ਸਾਰੇ ਐਸ ਡੀ ਐਮਜ਼ ਨੂੰ ਅੱਗ ਵਾਲੇ ਖੇਤਾਂ ਤੱਕ ਪਹੁੰਚਣ ਦੀਆਂ ਹਦਾਇਤਾਂ
ਅੰਮ੍ਰਿਤਸਰ, 2 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਦਰਜਨ ਤੋਂ ਵੱਧ ਟੀਮਾਂ ਨੇ ਜਿਲ੍ਹੇ ਭਰ ਵਿਚ ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਅੱਗ ਬੁਝਾਊ ਗੱਡੀਆਂ ਦਾ ਸਹਾਰਾ ਲੈ ਕੇ ਅੱਗ ਬੁਝਾਈ। ਅੱਜ ਸਵੇੇਰੇ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਸਹਿਬਾਨ, ਪੁਲਿਸ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਖੇਤੀ ਅਧਿਕਾਰੀ, ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕਰਦੇ ਹੋਏ ਸਾਰੇ ਅਧਿਕਾਰੀਆਂ ਨੂੰ ਹਰ ਅੱਗ ਲੱਗਣ ਵਾਲੇ ਖੇਤ ਤੱਕ ਪਹੁੰਚ ਕਰਨ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਤਹਿਤ ਜਿਲ੍ਹੇ ਭਰ ਵਿਚ ਟੀਮਾਂ ਦਿਨ ਭਰ ਸਰਗਰਮ ਰਹੀਆਂ। ਐਸ ਡੀ ਐਮ ਖੁਦ ਅੱਗ ਲੱਗਣ ਵਾਲੇ ਖੇਤਾਂ ਵਿਚ ਅੱਗ ਬੁਝਾਉਂਦੇ ਅਤੇ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਵਰਜਦੇ ਰਹੇ। ਸ਼ਾਮ ਤੱਕ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 18 ਸਥਾਨਾਂ ਤੇ ਟੀਮਾਂ ਨੇ ਖੁਦ ਫਾਇਰ ਵਿਭਾਗ ਦੀਆਂ ਗੱਡੀਆਂ ਬੁਲਾ ਕੇ ਅੱਗ ਬੁਝਾਈ, ਜਦਕਿ ਕਈ ਥਾਵਾਂ ਉਤੇ ਕਿਸਾਨਾਂ ਦੀ ਸਹਾਇਤਾ ਨਾਲ ਅੱਗ ਉਤੇ ਕਾਬੂ ਪਾ ਲਿਆ ਗਿਆ। ਐਸ ਡੀ ਐਮ ਅਜਨਾਲਾ ਸ. ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਭੱਲਾ ਪਿੰਡ ਤੇ ਇਸ ਦੇ ਆਲੇ ਦੁਆਲੇ ਕਈ ਸਥਾਨਾਂ ਉਤੇ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਵਿਚ ਕਾਮਯਾਬ ਹੋਏ, ਜਦਕਿ ਤਹਿਸੀਲਦਾਰ ਲੋਪੋਕੇ ਸ ਪਰਮਪ੍ਰੀਤ ਸਿੰਘ ਗੁਰਾਇਆ ਹਰਸ਼ਾ ਛੀਨਾ ਵਿਖੇ 5 ਥਾਵਾਂ ਉਤੇ ਪਹੁੰਚ ਕਰਕੇ ਪਰਾਲੀ ਨੂੰ ਲੱਗੀ ਅੱਗ ਬੁਝਾ ਸਕੇ। ਇਸੇ ਤਰਾਂ ਐਸ ਡੀ ਐਮ ਅੰਮ੍ਰਿਤਸਰ 2 ਸ੍ਰੀ ਨਿਵੇਸ਼ ਕੁਮਾਰ ਗੁਰੂਵਾਲੀ ਤੇ ਇੱਬਣ ਹਲਕੇ ਵਿਚ ਆਪਣੀਆਂ ਟੀਮਾਂ ਨਾਲ ਸਰਗਰਮ ਰਹੇ। ਐਸ ਡੀ ਐਮ ਬਾਬਾ ਬਕਾਲਾ ਸਾਹਿਬ ਸ੍ਰੀ ਅਮਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਵਿਚ ਅਤੇ ਉਨਾਂ ਦੇ ਤਹਿਸੀਲਦਾਰ ਸ੍ਰੀ ਸੁਖਦੇਵ ਬੰਗੜ ਤੇ ਨਾਇਬ ਤਹਿਸੀਲਦਾਰ ਸ੍ਰੀ ਪਵਨ ਕੁਮਾਰ ਨਿਰੰਜਨਪੁਰ ਫੱਤੂਵਾਲ ਇਲਾਕੇ ਦੇ ਖੇਤਾਂ ਵਿਚ ਕਿਸਾਨਾਂ ਦੀ ਸਹਾਇਤਾ ਨਾਲ ਅੱਗ ਬੁਝਾਉਣ ਵਿਚ ਸਫਲ ਹੋਏ। ਨਾਇਬ ਤਹਿਲੀਦਾਰ ਜੰਡਿਆਲਾ ਗੁਰੂ ਇਕਵਿੰਦਰ ਕੌਰ ਤੇ ਸ੍ਰੀ ਪਵਨ ਕੁਮਾਰ ਖਿਲਚੀਆਂ, ਤਹਿਸੀਲਦਾਰ ਨਵਕੀਰਤ ਸਿੰਘ ਸ਼ਹਿਰ ਦੇ ਨਾਲ ਲੱਗਦੇ ਖੇਤਾਂ ਵਿਚ, ਖੇਤੀ ਅਧਿਕਾਰੀ ਸ ਗੁਰਮੀਤ ਸਿੰਘ ਪਿੰਡ ਖਜਿਆਲਾ, ਬਲਾਕ ਖੇਤੀ ਅਫਸਰ ਚੋਗਾਵਾਂ ਨੇ ਉਗਰ ਔਲਖ ਤੇ ਇਸ ਨਾਲ ਲੱਗਦੇ ਇਲਾਕੇ ਵਿਚ ਜਿੱਥੇ ਅੱਗ ਬੁਝਾਈ ੳਥੇ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਵਰਜਿਆ, ਤਾਂ ਜੋ ਵਾਤਾਵਰਣ ਤੇ ਜਮੀਨ ਦੋਵਾਂ ਨੂੰ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ।