- ਮੀਤ ਹੇਅਰ ਵੱਲੋਂ ਜਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ
- ਅਟਾਰੀ ਸਰਹੱਦ ਤੇ ਸੈਲਾਨੀਆਂ ਲਈ ਬਿਹਤਰ ਸਹੂਲਤਾਂ ਦਿੱਤੀਆਂ ਜਾਣ - ਧਾਲੀਵਾਲ
ਅੰਮ੍ਰਿਤਸਰ, 23 ਜਨਵਰੀ : ਜਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉਤੇ ਪੁੱਜੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਹੇਅਰ, ਜਿੰਨਾ ਨੂੰ ਅੰਮ੍ਰਿਤਸਰ ਤੇ ਤਰਨਤਾਰਨ ਜਿਲਿਆਂ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸੌਂਪੀ ਗਈ ਹੈ, ਨੇ ਮੀਟਿੰਗ ਵਿਚ ਜਿਲ੍ਹਾ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਡੀ ਜਾਵੇ। ਉਨਾਂ ਕਿਹਾ ਕਿ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਆਲ੍ਹੇ ਦੁਆਲੇ ਨੂੰ ਕੂੜੇ ਤੋਂ ਮੁਕਤ ਕੀਤਾ ਜਾਵੇ ਅਤੇ ਇਸ ਇਲਾਕੇ ਦੇ ਕੂੜੇ ਨੂੰ ਗਿੱਲਾ ਅਤੇ ਸੁੱਕਾ ਦੋ ਹਿੱਸਿਆਂ ਵਿੱਚ ਚੁੱਕਣ ਦਾ ਪ੍ਰਬੰਧ ਦੋ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇ। ਉਨਾਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਅਤੇ ਲੋਕਾਂ ਦੇ ਕੰਮ ਸਮੇਂ ਸਿਰ ਹੋਣ ਇਸ ਗੱਲ ਉਤੇ ਧਿਆਨ ਕੇਂਦਰਿਤ ਕਰੋ। ਸ਼ਹਿਰ ਵਿਚ ਕੂੜੇ ਪ੍ਰਬੰਧਨ ਦਾ ਹਵਾਲਾ ਲੈਂਦੇ ਹੋਏ ਉਨਾਂ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਅਗਲੀ ਮੀਟਿੰਗ ਤੱਕ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ। ਉਨਾਂ ਕਿਹਾ ਕਿ ਸਾਫ-ਸੁਥਰਾ ਵਾਤਾਵਰਣ ਸਿਰਜਣ ਦਾ ਜਿੰਮਾ ਸਾਡੇ ਸਾਰਿਆਂ ਉਤੇ ਹੈ ਅਤੇ ਇਹ ਸਾਡੇ ਤੇ ਸਾਡੇ ਭਵਿੱਖ ਲਈ ਜ਼ਰੂਰੀ ਹੈ। ਉਨਾਂ ਨੇ ਜਿਲ੍ਹੇ ਵਿੱਚ ਬਣ ਰਹੇ ਯੂਨਿਟੀ ਮਾਲ, ਸਵਦੇਸ਼ ਦਰਸ਼ਨ ਅਧੀਨ ਹੋ ਰਹੇ ਕੰਮ, ਸਮਾਰਟ ਸਿਟੀ, ਮਨਰੇਗਾ, ਲੋਕ ਨਿਰਮਾਣ ਵਿਭਾਗ, ਪੰਚਾਇਤ ਵਿਭਾਗ ਅਤੇ ਹੋਰ ਵਿਭਾਗਾਂ ਵਿੱਚ ਚੱਲ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅਟਾਰੀ ਸਰਹੱਦ ਵਿਖੇ ਰੋਜ਼ਾਨਾ ਆਉਂਦੇ ਹਜ਼ਾਰਾਂ ਸੈਲਾਨੀਆਂ ਦੀ ਸਹੂਲਤ ਲਈ ਵਧੀਆ ਬੁਨਿਆਦੀ ਢਾਂਚਾ ਵਿਕਸਿਤ ਕਰਨ ਤੇ ਜੋਰ ਦਿੱਤਾ। ਉਨਾਂ ਕਿਹਾ ਕਿ ਪਿੰਡਾਂ ਵਿੱਚ ਮਨਰੇਗਾ ਅਧੀਨ ਵੱਧ ਤੋਂ ਵੱਧ ਕੰਮ ਕਰਵਾ ਕੇ ਜਿੱਥੇ ਪਿੰਡਾ ਨੂੰ ਵਿਕਸਿਤ ਕੀਤਾ ਜਾਵੇ ਉਥੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਇਸ ਮੌਕੇ ਸ: ਧਾਲੀਵਾਲ ਨੇ ਸ਼ਹਿਰਾਂ ਤੇ ਪਿੰਡਾਂ ਵਿਚ ਹਰੇਕ ਵਿਭਾਗ ਵੱਲੋਂ ਕਰਵਾਏ ਜਾਂਦੇ ਕੰਮਾਂ ਦੇ ਵੇਰਵੇ ਲਏ ਅਤੇ ਉਸ ਉਤੇ ਵਿਸਥਾਰ ਵਿਚ ਚਰਚਾ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹਾ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਜੋ ਵੀ ਆਦੇਸ਼ ਪ੍ਰਾਪਤ ਹੋਣਗੇ, ਸਾਰੇ ਅਧਿਕਾਰੀ ਉਸ ਉਤੇ ਇਮਾਨਦਾਰੀ ਨਾਲ ਕੰਮ ਕਰਨਗੇ। ਮੀਟਿੰਗ ਵਿਚ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ, ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਪਰਮਜੀਤ ਕੌਰ, ਸ੍ਰੀਮਤੀ ਅਮਨਦੀਪ ਕੌਰ , ਐਸ.ਡੀ.ਐਮਜ਼ ਸਾਹਿਬਾਨ, ਆਰ.ਟੀ.ਏ. ਸ: ਅਰਸ਼ਦੀਪ ਸਿੰਘ, ਚੇਅਰਮੈਲ ਸ: ਜਸਪ੍ਰੀਤ ਸਿੰਘ , ਡਾਇਰੈਕਟਰ ਲੋਕ ਸੰਪਰਕ ਜੀ.ਐਨ.ਡੀ.ਯੂ. ਸ੍ਰੀ ਪਰਵੀਨ ਪੂਰੀ ਅਤੇ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।