ਅੰਮਿ੍ਤਸਰ, 28 ਅਕਤੂਬਰ : ਜਿਲੇ ਵਿੱਚ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਦੀਆਂ ਘਟਨਾਵਾਂ ਤੋਂ ਚਿੰਤਤ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਵਾਤਾਵਰਣ ਮਾਰੂ ਇਸ ਰੁਝਾਨ ਨੂੰ ਸਖਤੀ ਨਾਲ ਰੋਕਣ ਦੇ ਆਦੇਸ਼ ਸਾਰੇ ਐਸ ਡੀ ਐਮਜ ਅਤੇ ਪੁਲਿਸ ਨੂੰ ਦਿੱਤੇ ਹਨ। ਜਿਸ ਦੇ ਚੱਲਦੇ ਟੀਮਾਂ ਵੱਲੋਂ ਜੁਰਮਾਨੇ ਅਤੇ ਰੈਡ ਐਂਟਰੀ ਦੇ ਨਾਲ ਨਾਲ ਪੁਲਿਸ ਕੇਸ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲਗਾਈ ਗਈ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠਾਂ ਕੱਲ ਪਿੰਡ ਖਾਸਾ ਦੇ ਦੋ ਕਿਸਾਨਾਂ ਵਿਰੁੱਧ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠਾਂ ਧਾਰਾ 188 ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਅੱਜ ਹਰਸ਼ਾ ਛੀਨਾ ਵਾਸੀ ਦੋ ਕਿਸਾਨਾਂ ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਅਜਮੇਰ ਸਿੰਘ ਪੁੱਤਰ ਦੀਦਾਰ ਸਿੰਘ ਵਿਰੁੱਧ ਕੇਸ ਦਰਜ ਕਰਨ ਲਈ ਪੱਤਰ ਮੌਕੇ ਉਤੇ ਗਈ ਅਧਿਕਾਰੀਆਂ ਦੀ ਟੀਮ ਵੱਲੋਂ ਪੁਲਿਸ ਨੂੰ ਲਿਖ ਦਿੱਤਾ ਗਿਆ ਹੈ। ਅੱਜ ਸ਼ਾਮ ਤੱਕ ਉਕਤ ਕੇਸ ਦਰਜ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਅੱਡੇ ਨੇੜੇ 4 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਕਲਸਟਰ ਅਫਸਰ ਬਲਬੀਰ ਸਿੰਘ, ਏ.ਈ.ਓ ਤਜਿੰਦਰ ਸਿੰਘ ਅਤੇ ਜਗਦੀਪ ਸਿੰਘ ਪੁਲਿਸ ਦੀ ਟੀਮ ਨੂੰ ਨਾਲ ਲੈ ਕੇ ਮੌਕਾ ਵੇਖਿਆ ਅਤੇ ਮੌਕੇ ਉਤੇ ਜਾ ਕੇ ਅੱਗ ਲੱਗਣ ਦੀ ਪੁੱਸ਼ਟੀ ਹੋ ਗਈ। ਉਕਤ ਟੀਮ ਵੱਲੋਂ ਇਸ ਸਬੰਧੀ ਦਿੱਤੀ ਲਿਖਤੀ ਦਰਖਾਸਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਸਬੰਧੀ ਧਾਰਾ 188 ਆਈ.ਪੀ.ਸੀ. ਅਧੀਨ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।