ਮਿਸੀਸਿਪੀ, 22 ਜੁਲਾਈ 2024 : ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਅਣਪਛਾਤੇ ਕਾਰ ਚਾਲਕ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ 'ਚ ਇੱਕ ਦੁਕਾਨ ਦੇ ਬਾਹਰ ਕੰਮ ਕਰ ਰਹੇ ਇਕ ਨੌਜਵਾਨ ਸਮੇਤ ਦੋ ਦੀ ਮੌਤ ਹੋ ਗਈ, ਜਦੋਂਕਿ ਤਿੰਨ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ ਲੈ ਕੇ ਮਿਸੀਸਿਪੀ ਦੇ ਜੈਕਸਨ ਸ਼ਹਿਰ ਦੇ ਪੁਲਿਸ ਮੁਖੀ ਜੋਸੇਫ਼ ਵੈਡ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਲੋਕ ਜ਼ਖ਼ਮੀ ਹੋਏ ਹਨ, ਉਨ੍ਹਾਂ ਦਾ ਫਿਲਹਾਲ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਮਲਾਵਰ ਕਾਲੀ ਹੌਂਡਾ ਕਾਰ ਵਿੱਚ ਆਏ ਸਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਉਨ੍ਹਾਂ ਕਿਹਾ ਇਸ ਮਾਮਲੇ ਜਾਂ ਹਮਲੇ ਨਾਲ ਜੁੜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ, ਇਹ ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਵਿਅਕਤੀ ਅਮਰੀਕਾ ਦੇ ਮਿਸੀਸਿਪੀ 'ਚ ਇਕ ਸਟੋਰ 'ਚ ਕੰਮ ਕਰ ਰਿਹਾ ਸੀ। ਘਟਨਾ ਸਮੇਂ ਉਹ ਆਪਣੇ ਕੰਮ ਦੌਰਾਨ ਬਾਹਰ ਖੜ੍ਹਾ ਸੀ। ਮ੍ਰਿਤਕ ਦੇ ਪਿਤਾ ਵੱਸਣ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜਸਵੀਰ ਸਿੰਘ (33) ਇਕ ਸਾਲ ਪਹਿਲਾਂ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਕਮਾਉਣ ਲਈ ਵਿਦੇਸ਼ ਗਿਆ ਸੀ। ਉਸ ਦੇ ਦੋ ਬੱਚੇ ਇਕ ਲੜਕਾ ਤੇ ਇਕ ਲੜਕੀ ਹਨ। ਉਸ ਦਾ ਭਰਾ ਵੀ ਆਪਣੇ ਪਰਿਵਾਰ ਨਾਲ ਬਾਹਰ ਰਹਿੰਦਾ ਹੈ ਜਿੱਥੇ ਉਸ ਦਾ ਬੇਟਾ ਇਕ ਦੁਕਾਨ 'ਤੇ ਕੰਮ ਕਰ ਰਿਹਾ ਸੀ ਅਤੇ ਉਹ ਦੁਕਾਨ ਦੇ ਬਾਹਰ ਖੜ੍ਹਾ ਸੀ, ਉਦੋਂ ਕਾਰ 'ਚ ਸਵਾਰ 2 ਤੋਂ ਤਿੰਨ ਅਣਪਛਾਤੇ ਲੋਕਾਂ ਨੇ ਉਸ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ।