ਲੰਡਨ, 12 ਸਤੰਬਰ, 2024 : ਬਰਤਾਨਵੀ ਸੰਸਦ ਦੀ ਰੱਖਿਆ ਚੋਣ ਕਮੇਟੀ ਦੇ ਚੇਅਰਮੈਨ ਦੀ ਬੀਤੇ ਦਿਨ 11 ਸਤੰਬਰ ਨੂੰ ਹੋਈ ਚੋਣ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰੱਖਿਆ ਸਿਲੈਕਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਕਮੇਟੀ ਵਿਸ਼ੇਸ਼ ਤੌਰ ‘ਤੇ ਰੱਖਿਆ ਸਬੰਧੀ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਦੀ ਘੋਖ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ ਅਤੇ ਯੂ.ਕੇ. ਦੇ ਹਾਊਸ ਆਫ਼ ਕਾਮਨਜ਼ ਦੇ 650 ਸੰਸਦ ਮੈਂਬਰ ਹੀ ਇਸ ਸਿਲੈਕਟ ਕਮੇਟੀ ਦੀ ਚੋਣ ਲਈ ਵੋਟਾਂ ਪਾ ਸਕਦੇ ਹਨ। ਇਸ ਚੋਣ ਵਿੱਚ ਮਹੱਤਵਪੂਰਨ ਗੱਲ ਇਹ ਵੀ ਹੈ ਕਿਉਂਕਿ ਤਨਮਨਜੀਤ ਸਿੰਘ ਢੇਸੀ ਇਸ ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ ਚੁਣੇ ਜਾਣ ਵਾਲੇ ਬਲੈਕ, ਏਸ਼ੀਆਈ ਪਿਛੋਕੜ ਜਾਂ ਘੱਟ ਗਿਣਤੀ ਵਰਗ ਨਾਲ ਸਬੰਧਿਤ ਪਹਿਲੇ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ 2020 ਵਿੱਚ ਵੀ ਜਦੋਂ ਉਨ੍ਹਾਂ ਨੇ ਕਮੇਟੀ ਵਿੱਚ ਬਤੌਰ ਮੈਂਬਰ ਸੇਵਾ ਨਿਭਾਈ ਸੀ ਤਾਂ ਉਸ ਵੇਲੇ ਵੀ ਉਹ ਬਲੈਕ, ਏਸ਼ੀਆਈ ਪਿਛੋਕੜ ਜਾਂ ਘੱਟ ਗਿਣਤੀ ਵਰਗ ਨਾਲ ਸਬੰਧਤ ਇਕਲੌਤੇ ਦੂਜੇ ਸੰਸਦ ਮੈਂਬਰ ਸਨ। ਇਹ ਇੱਕ ਇਤਿਹਾਸਕ ਪਲ ਇਸ ਕਰਕੇ ਵੀ ਹੈ ਕਿਉਂਕਿ ਤਨਮਨਜੀਤ ਸਿੰਘ ਢੇਸੀ ਯੂ.ਕੇ. ਸੰਸਦ ਦੀ ਇਸ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਚੁਣੇ ਜਾਣ ਵਾਲੇ ਪਹਿਲੇ ਪੰਜਾਬੀ ਅਤੇ ਪਹਿਲਾ ਸਿੱਖ ਚਿਹਰਾ ਹਨ। ਜ਼ਿਕਰਯੋਗ ਹੈ ਕਿ ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ ਵਜੋਂ ਤਕਰੀਬਨ ਪਿਛਲੇ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਸਲੋਹ ਸੰਸਦੀ ਹਲਕੇ ਦੀ ਸੇਵਾ ਕਰ ਰਹੇ ਹਨ ਅਤੇ ਹਾਲ ਹੀ ਵਿੱਚ 4 ਜੁਲਾਈ 2024 ਨੂੰ ਦੇਸ਼ ਵਿੱਚ ਹੋਈਆਂ ਆਮ ਚੋਣਾਂ ਵਿੱਚ ਉਹ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਯੂ.ਕੇ. ਦੀ ਸੰਸਦ ਵਿੱਚ ਸਪੀਕਰ ਸਰ ਲਿੰਡਸੇ ਹੋਇਲ ਵੱਲੋਂ ਕਮੇਟੀ ਦੇ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਰੱਖਿਆ ਚੋਣ ਕਮੇਟੀ ਦਾ ਚੇਅਰਮੈਨ ਚੁਣੇ ਜਾਣ ‘ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਉਨ੍ਹਾਂ ਸਮੂਹ ਲੋਕਾਂ, ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਅਤੇ ਮੇਰੇ ‘ਤੇ ਭਰੋਸਾ ਜਤਾਉਣ ਵਾਲੇ ਸਮੁੱਚੇ ਹਾਊਸ ਆਫ਼ ਕਾਮਨਜ਼ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਅਤੇ ਆਲਮੀ ਸਥਿਰਤਾ ਲਈ ਖ਼ਤਰੇ ਅਤੇ ਮੁਸ਼ਕਿਲਾਂ ਦਿਨੋਂ-ਦਿਨ ਵਧ ਰਹੀਆਂ ਹਨ ਅਤੇ ਇਹ ਬੇਹੱਦ ਜ਼ਰੂਰੀ ਹੈ ਕਿ ਬਰਤਾਨੀਆ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹੇ। ਉਨਾਂ ਕਿਹਾ ਕਿ ਉਹ ਬਹਾਦਰ ਸਾਬਕਾ ਸੈਨਿਕਾਂ ਅਤੇ ਸੇਵਾ ਕਰਮਚਾਰੀਆਂ ਦੀ ਆਵਾਜ਼ ਬਣ ਕੇ ਇਹ ਯਕੀਨੀ ਬਣਾਉਣਗੇ ਕਿ ਸਰਕਾਰ ਉਨ੍ਹਾਂ ਦੇ ਹਿੱਤਾਂ ਨੂੰ ਵਿਸ਼ੇਸ਼ ਤਰਜੀਹ ਦੇਵੇ, ਕਿਉਂ ਕਿ ਦੇਸ਼ ਨੂੰ ਸੁਰੱਖਿਅਤ ਰੱਖਣਾ ਸਰਕਾਰ ਦਾ ਮੁੱਢਲਾ ਫਰਜ਼ ਹੈ।