ਵਾਸ਼ਿੰਗਟਨ, 26 ਜੁਲਾਈ, 2024 : ਭਾਰਤ ਨੂੰ ਜਾਪਾਨ, ਦੱਖਣੀ ਕੋਰੀਆ ਤੇ ਨਾਟੋ ਦੇਸ਼ਾਂ ਵਾਂਗ ਤਵੱਜੋ ਦੇਣ ਬਾਰੇ ਅਮਰੀਕੀ ਕਾਂਗਰਸ (ਸੰਸਦ) ’ਚ ਇਕ ਬਿੱਲ ਲਿਆਂਦਾ ਗਿਆ ਹੈ। ਬਿੱਲ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਵਾਂਗ ਭਾਰਤ ਨੂੰ ਵੀ ਤਕਨੀਕ ਟਰਾਂਸਫਰ ਕਰਨੀ ਚਾਹੀਦੀ ਹੈ। ਅਮਰੀਕੀ ਸੈਨੇਟਰ ਮਾਰਕੋ ਰੁਬੀਓ ਨੇ ਵੀਰਵਾਰ ਨੂੰ ਅਮਰੀਕਾ-ਭਾਰਤ ਰੱਖਿਆ ਸਹਿਯੋਗ ਐਕਟ ਬਿੱਲ ਸੈਨੇਟ ’ਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਖੇਤਰੀ ਅਖੰਡਤਾ ਲਈ ਵਧਦੇ ਖ਼ਤਰੇ ਨੂੰ ਦੇਖਦਿਆਂ ਉਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਭਾਰਤ ਖ਼ਿਲਾਫ਼ ਪਾਕਿਸਤਾਨ ਸਪਾਂਸਰਡ ਅੱਤਵਾਦ ਪਾਏ ਜਾਣ ’ਤੇ ਉਸ ਨੂੰ ਦਿੱਤੀ ਜਾ ਰਹੀ ਸੁਰੱਖਿਆ ਸਹਾਇਤਾ ’ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਅਮਰੀਕਾ-ਭਾਰਤ ਰੱਖਿਆ ਸਹਿਯੋਗ ਐਕਟ ਪੇਸ਼ ਕਰਨ ਤੋਂ ਬਾਅਦ ਮਾਰਕੋ ਰੁਬੀਓ ਨੇ ਕਿਹਾ ਕਿ ਕਮਿਊਨਿਸਟ ਚੀਨ ਹਿੰਦ-ਪ੍ਰਸ਼ਾਂਤ ’ਚ ਲਗਾਤਾਰ ਹਮਲਾਵਰ ਵਿਸਥਾਰ ਕਰ ਰਿਹਾ ਹੈ। ਇਸ ਨਾਲ ਸਾਡੇ ਖੇਤਰੀ ਭਾਈਵਾਲਾਂ ਦੀ ਖ਼ੁਦਮੁਖਤਾਰੀ ’ਤੇ ਬਣਿਆ ਹੋਇਆ ਹੈ। ਚੀਨ ਨਾਲ ਨਜਿੱਠਣ ਲਈ ਅਮਰੀਕਾ ਤੇ ਭਾਰਤ ਦੀ ਭਾਈਵਾਲੀ ਮਹੱਤਵਪੂਰਨ ਹੈ। ਦੋਵਾਂ ਵਿਚਾਲੇ ਰਣਨੀਤਕ, ਡਿਪਲੋਮੈਟਿਕ, ਆਰਥਿਕ ਤੇ ਫ਼ੌਜੀ ਸਬੰਧ ਮਜ਼ਬੂਤ ਕਰਨੇ ਜ਼ਰੂਰੀ ਹਨ। ਬਿੱਲ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨੂੰ ਰੂਸ ਨਾਲ ਸੀਮਤ ਸਬੰਧਾਂ ਦੀ ਛੋਟ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਮੌਜੂਦਾ ਸਮੇਂ ’ਚ ਫ਼ੌਜ ਵੱਲੋਂ ਵਰਤੇ ਜਾ ਰਹੇ ਰੱਖਿਆ ਉਪਕਰਨਾਂ ਲਈ ਰੂਸ ’ਤੇ ਨਿਰਭਰ ਹੈ। ਭਾਰਤ ਕੇਂਦਰਿਤ ਇਸ ਤਰ੍ਹਾਂ ਦਾ ਬਿੱਲ ਪਹਿਲੀ ਵਾਰ ਅਮਰੀਕੀ ਕਾਂਗਰਸ ’ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਅਮਰੀਕਾ ’ਚ ਇਸ ਸਾਲ ਰਾਸ਼ਟਰਪਤੀ ਚੋਣਾਂ ਹੋਣ ਕਾਰਨ ਰਿਪਬਲਿਕਨ ਤੇ ਡੈਮੋਕ੍ਰੇਟ ਨੂੰ ਨਾਲ ਲੈ ਕੇ ਬਿੱਲ ਪਾਸ ਕਰਵਾਉਣਾ ਸੌਖਾ ਨਹੀਂ ਹੈ। ਜੇ ਬਿੱਲ ਪਾਸ ਨਾ ਹੋਇਆ ਤਾਂ ਚੋਣਾਂ ਤੋਂ ਬਾਅਦ ਇਸ ਨੂੰ ਮੁੜ ਕਾਂਗਰਸ ’ਚ ਪੇਸ਼ ਕੀਤਾ ਜਾ ਸਕਦਾ ਹੈ।