ਬੀਜਿੰਗ, 20 ਜੁਲਾਈ 2024 : ਚੀਨ ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਉੱਤਰ-ਪੱਛਮੀ ਸ਼ਾਂਕਸੀ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਹਾਈਵੇਅ ਪੁਲ ਢਹਿ ਗਿਆ। ਚੀਨ ਦੇ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਲਾਪਤਾ ਹਨ। ਹਾਲਾਂਕਿ ਬਚਾਅ ਦੇ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ਾਂਕਸੀ ਸੂਬੇ ਵਿੱਚ ਤਬਾਹੀ ਤੋਂ ਬਾਅਦ ਵੱਡੇ ਪੱਧਰ 'ਤੇ ਬਚਾਅ ਕਾਰਜਾਂ ਦੀ ਅਪੀਲ ਕੀਤੀ ਹੈ। ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਸ਼ਾਂਗਲੁਓ ਸ਼ਹਿਰ 'ਚ ਬਚਾਅ ਕਾਰਜ ਅਜੇ ਵੀ ਜਾਰੀ ਹਨ, ਜਿਸ 'ਚ 20 ਕਾਰਾਂ ਅਤੇ 30 ਲੋਕ ਅਜੇ ਵੀ ਲਾਪਤਾ ਹਨ। ਪੁਲ ਤੋਂ ਡਿੱਗੇ ਪੰਜ ਵਾਹਨ ਬਰਾਮਦ ਕਰ ਲਏ ਗਏ ਹਨ। ਹੜ੍ਹ ਕਾਰਨ ਪੁਲ ਦਾ ਇੱਕ ਹਿੱਸਾ ਟੁੱਟ ਕੇ ਲਗਭਗ ਹੇਠਾਂ ਵਹਿ ਰਹੇ ਪਾਣੀ ਵਿੱਚ ਜਾ ਡਿੱਗਿਆ।