
ਪੰਜਾਬੀ ਸਿਨੇਮਾ ਦੀ ਦੁਨੀਆਂ ਵਿੱਚ ਆਪਣੀ ਐਕਟਿੰਗ ਨਾਲ ਦਰਸ਼ਕਾਂ ਨੂੰ ਮੋਹ ਲੈਣ ਵਾਲੀ ਅਦਾਕਾਰਾ ਪ੍ਰਵੀਨ ਬਾਣੀ ਨੇ ਆਪਣੀ ਪ੍ਰਤਿਭਾ ਅਤੇ ਸੁੰਦਰਤਾ ਨਾਲ ਹਰ ਇੱਕ ਨੂੰ ਪ੍ਰਭਾਵਿਤ ਕੀਤਾ ਹੈ। ਸਾਊ ਸੁਭਾਅ ਦੀ ਮਾਲਕ ਅਦਾਕਾਰਾ ਪ੍ਰਵੀਨ ਬਾਣੀ ਪੰਜਾਬੀ ਫਿਲਮ ਇੰਡਸਟਰੀਜ਼ ਦੀ ਇੱਕ ਐਸੀ ਅਦਾਕਾਰਾ ਹੈ, ਜਿਸ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਬਤੌਰ ਅਦਾਕਾਰਾ ਇੱਕ ਅਲੱਗ ਪਹਿਚਾਣ ਬਣਾਈ ਹੈ। ਪੰਜਾਬ ਦੇ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ (ਮੋਹਾਲੀ) ਦੀ ਸਬ ਡਵੀਜਨ ਡੇਰਾਬੱਸੀ ਵਿਖੇ ਪਿਤਾ ਗੁਰਚਰਨ ਸਿੰਘ ਦੇ ਗ੍ਰਹਿ ਅਤੇ ਮਾਤਾ ਕੁਲਵਿੰਦਰ ਕੌਰ ਦੀ ਕੁੱਖੋਂ ਜਨਮੀ। ਪ੍ਰਵੀਨ ਬਾਣੀ ਨੇ ਆਪਣੀ ਮੁੱਢਲੀ ਪੜ੍ਹਾਈ ਲੋਢ ਮਹਾਂਵੀਰ ਜੈਨ ਪਬਲਿਕ ਸਕੂਲ ਅਤੇ ਅਚਾਰਿਆ ਆਤਮਾ ਰਾਮ ਜੈਨ ਪਬਲਿਕ ਸਕੂਲ ਡੇਰਾਬੱਸੀ ਤੋਂ ਕਰਨ ਉਪਰੰਤ ਗਰਲਜ ਕਾਲਜ ਚੰਡੀਗੜ੍ਹ ਤੋਂ ਗੈਰਜੂਏਸ਼ਨ ਕੀਤੀ ਅਤੇ ਪੜ੍ਹਾਈ ਦੇ ਨਾਲ ਨਾਲ ਹੀ ਡਾ. ਅਮਿਤ ਤੋਂ ਕੱਥਕ ਦੀ ਸਿੱਖਿਆ ਲੈਣੀ ਸ਼ੁਰੂ ਕਰਦਿੱਤੀ। ਪੜ੍ਹਾਈ ਕਰਦੇ ਸਮੇਂ ਹੀ ਪ੍ਰਵੀਨ ਬਾਣੀ ਨੂੰ ਇੱਕ ਹਿੰਦੀ ਨਾਟਕ ਬਟਵਾਰਾ ਵਿੱਚ ਮੁੱਖ ਭੂਮਿਕਾ ਦਾ ਰੋਲ ਕਰਨ ਦਾ ਮੌਕਾ ਮਿਲਿਆ, ਜਿਸ ਵਿੱਚ ਉਸਦੀ ਅਦਾਕਾਰੀ ਨੁੂੰ ਕਾਫੀ ਸਰਾਹਿਆ ਗਿਆ। ਨਾਟਕ ਬਟਵਾਰਾ ਤੋਂ ਬਾਅਦ ਪ੍ਰਵੀਨ ਬਾਣੀ ਨੇ ਮੁੜ ਪਿਛਾਂਹ ਨਹੀਂ ਦੇਖਿਆ ਤੇ ਉਸ ਕੋਲ ਪੰਜਾਬੀ ਗੀਤਾਂ, ਨਾਟਕਾਂ ਅਤੇ ਫਿਲਮਾਂ ਦੇ ਆਫਰ ਆਉਣੇ ਸ਼ੁਰੂ ਹੋ ਗਏ। ਹੁਣ ਤੱਕ ਅਦਾਕਾਰਾ ਪ੍ਰਵੀਨ ਬਾਣੀ ਦੋ ਦਰਜਨ ਤੋਂ ਵਧੇਰੇ ਫਿਲਮਾਂ, ਗੀਤਾਂ ਅਤੇ ਨਾਟਕਾਂ ਵਿੱਚ ਕੰਮ ਕਰ ਚੁੱਕੀ ਹੈ, ਜਿਸ ਵਿੱਚ ਫਿਲਮ ਪੌਣੇ-9, ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ, ਰੋਡੇ ਕਾਲਜ, ਦੀਵੇ ਵਾਂਗ ਬਲਦੀ ਅੱਗ, ਸਾਂਝਾ ਘਰ (ਸੌਰਟ ਫਿਲਮ), ਪੰਜਾਬ ਫਾਇਟਰਜ, ਸਰਿੰਜ਼, ਮਾਪੇ, ਬੇਬੇ ਕਹਿੰਦੀ ਸੀ, ਨਾਜ਼ੀ ਨਚਾਰ, ਦਰਦ (ਸੌਰਟ ਫਿਲਮਾਂ), ਭਗਤ ਮਾਲ ਗਾਥਾ (ਹਿੰਦੀ ਸੀਰੀਅਲ), ਲਿੰਕ ਵਰਲਡ ਵਾਈਡ (ਗੀਤ), ਵੈਲਪੁਣਾ, ਕਾਲਾ ਸੂਟ (ਗੀਤ) ਸ਼ਾਮਲ ਹਨ। ਇਸ ਤੋਂ ਇਲਾਵਾ ਅਦਾਕਾਰਾ ਪ੍ਰਵੀਨ ਬਾਣੀ ਦੇ ਇੱਕ ਦਰਜਨ ਦੇ ਕਰੀਬ ਆਉਣ ਵਾਲੇ ਪ੍ਰੋਜੈਕਟ ਹਨ, ਜਿਸ ਵਿੱਚ ਫਿਲਮ ਹਰਨਾਮਾ, ਚਿੱਠੀ, ਤੰਦੂਰ, ਹੁਣ ਤੈਨੂੰ ਕੀ ਆਖਾਂ, ਮੂਲ ਮੰਤਰ-02, ਮਿਸਟਰ ਐਂਡ ਮਿਸ (ਵੈੱਬ ਸੀਰੀਜ਼), ਉਹ ਕੁੜੀ, ਆਪਾਂ ਫਿਰ ਮਿਲਾਂਗੇ, ਪੱਗ ਮੇਰੇ ਵੀਰ ਦੀ ਆਦਿ ਹਨ। ਅਦਾਕਾਰਾ ਪ੍ਰਵੀਨ ਬਾਣੀ ਨੇ ਛੋਟੀ ਉਮਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਜਿਸ ਕਾਰਨ ਉਸ ਨੂੰ ਵੱਖ ਵੱਖ ਥਾਵਾਂ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਪ੍ਰਵੀਨ ਬਾਣੀ ਦਾ ਮੰਨਣਾ ਹੈ ਕਿ ਦਰਸ਼ਕਾਂ ਵੱਲੋਂ ਜੋ ਉਸਨੂੰ ਪਿਆਰ ਮਿਲਿਆ ਹੈ, ਉਸਦੀ ਬਦੌਲਤ ਹੀ ਉਹ ਅੱਜ ਇਹ ਮੁਕਾਮ ਹਾਸਲ ਕਰ ਸਕੀ ਹੈ।
ਅਦਾਕਾਰਾ ਪ੍ਰਵੀਨ ਬਾਣੀ ਆਪਣੀ ਐਕਟਿੰਗ ਨਾਲ ਆਪਣੇ ਸਰੋਤਿਆਂ ਦੇ ਦਿਲਾਂ ਤੇ ਇਸੇ ਤਰ੍ਹਾਂ ਹੀ ਰਾਜ ਕਰਦੀ ਰਹੇ, ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰੇ ਅਤੇ ਫਿਲਮ ਇੰਡਸਟਰੀਜ਼ ਵਿੱਚ ਹੋਰ ਉਚਾਈਆਂ ਨੂੰ ਛੂਹੇ ਸਾਡੀ ਇਹੋ ਤਮੰਨਾ ਹੈ।
- ਰਘਵੀਰ ਸਿੰਘ ਜੱਗਾ 90657-00091