ਮੁਬੰਈ : ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦੀ ਮੌਤ ਨੂੰ ਲੈ ਕੇ ਮੀਡੀਆ 'ਚ ਚੱਲ ਰਹੀਆਂ ਖਬਰਾਂ ਦਾ ਉਨ੍ਹਾਂ ਦੀ ਬੇਟੀ ਵੱਲੋਂ ਖੰਡਨ ਕੀਤਾ ਗਿਆ ਹੈ। ਵਿਕਰਮ ਗੋਖਲੇ ਦੀ ਧੀ ਨੇ ਕਿਹਾ ਹੈ ਕਿ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਤੇ ਉਨ੍ਹਾਂ ਦਾ ਦੇਹਾਂਤ ਨਹੀਂ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਗੋਖਲੇ ਦੀ ਧੀ ਨੇ ਪੁਸ਼ਟੀ ਕੀਤੀ ਕਿ ਉਹ ਜ਼ਿੰਦਾ ਹੈ ਅਤੇ ਲਾਈਫ ਸਪੋਰਟ 'ਤੇ ਹੈ, ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਦੇਰ ਸ਼ਾਮ ਤਜਰਬੇਕਾਰ ਅਦਾਕਾਰ ਵਿਕਰਮ ਗੋਖਲੇ ਦੇ ਦੇਹਾਂਤ ਦੀ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲੀ ਸੀ, ਜਿਸ 'ਤੇ ਉਨ੍ਹਾਂ ਦੀ ਪਤਨੀ ਵਰੁਸ਼ਾਲੀ ਗੋਖਲੇ ਨੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਅਜੇ ਜ਼ਿੰਦਾ ਹੈ। ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਇੱਥੋਂ ਦੇ ਇਕ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ 77 ਸਾਲਾ ਅਦਾਕਾਰ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਉਸ ਦੀ ਹਾਲਤ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਗੋਖਲੇ ਪਰਿਵਾਰ ਨੇ ਮੀਡੀਆ ਰਿਪੋਰਟਾਂ 'ਚ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਗੌਰਤਲਬ ਹੈ ਕਿ ਗੋਖਲੇ ਨੇ ਕਈ ਮਰਾਠੀ ਅਤੇ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ ਅਮਿਤਾਭ ਬੱਚਨ ਸਟਾਰਰ 'ਅਗਨੀਪਥ', ਸੰਜੇ ਲੀਲਾ ਭੰਸਾਲੀ ਦੀ 'ਹਮ ਦਿਲ ਦੇ ਚੁਕੇ ਸਨਮ', 'ਦੇ ਦਨਾ ਦਨ', 'ਭੂਲ ਭੁਲਈਆ', 'ਹੇ ਰਾਮ' ਆਦਿ ਫਿਲਮਾਂ ਸ਼ਾਮਲ ਹਨ। ਫਿਰ ਉਹ 2010 ਦੀ ਮਰਾਠੀ ਫਿਲਮ ਆਘਾਤ ਨਾਲ ਨਿਰਦੇਸ਼ਕ ਦੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿਲਮ ਅਨੁਮਤੀ ਲਈ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਐਵਾਰਡ ਵੀ ਜਿੱਤਿਆ।