ਜਲੰਧਰ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਡੇਵੀਅਟ ਕਾਲਜ 'ਚ ਨਾਰੀ ਸ਼ਕਤੀਕਰਨ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ 'ਮੇਰਾ ਅਹੁਦਾ ਮੇਰਾ ਮਾਣ' ਤਹਿਤ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੇ ਮਹਿਲਾ ਸਰਪੰਚਾਂ -ਪੰਚਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਹੋਏ, ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ ਉਤੇ ਸਮਾਜ ਨੂੰ ਉਚਾ ਚੁਕਣ ਵਿਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ, ਰਾਜੇ-ਮਹਾਰਾਜੇ, ਮੰਤਰੀ, ਅਧਿਕਾਰੀ ਤੇ ਮਹਾਨ ਪੁਰਸ਼ਾਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਹੀ ਹਨ। ਮੰਤਰੀ ਧਾਲੀਵਾਲ ਨੇ ਭਾਰਤ ਦੀ ਨਾਰੀ ਨੇ ਹੀ ਆਜ਼ਾਦੀ ਨਹੀਂ ਲਈ ਸਗੋਂ ਦੁਨੀਆਂ ਭਰ ਦੀਆਂ ਔਰਤਾਂ ਨੇ ਹੀ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਬੁਲਾਰਿਆਂ ਨੇ ਮਹਿਲਾ ਪੰਚਾਂ-ਸਰਪੰਚਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਫ਼ਰਜ਼ਾਂ ਬਾਰੇ ਜਾਣੂ ਕਰਾਇਆ। ਇਸ ਮੌਕੇ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਤੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਪਿੰਡ 'ਚ ਫੰਡਾਂ ਦੀ ਕੋਈ ਕਮੀ ਨਹੀਂ ਹੈ। ਖਰਚਾ ਤੇ ਵਿਕਾਸ ਨੀਤੀਆਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਔਰਤਾਂ ਨੂੰ ਖ਼ੁਦ ਅੱਗੇ ਆ ਕੇ ਕੰਮ ਕਰਵਾਉਣ ਦੀ ਗੱਲ ਕਹੀ। ਰਿਸ਼ਤੇਦਾਰਾਂ ਨੂੰ ਦੂਰ ਰੱਖਣ ਦੀ ਗੱਲ ਕਹੀ। ਪੰਚਾਇਤਾਂ ਦੇ ਕੰਮ ਤੇ ਧਰਮ ਦੇ ਆਧਾਰ ’ਤੇ ਸਕਿੱਟ ਪੇਸ਼ ਕੀਤੀ ਗਈ।