- ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਵਿਕਾਸ ਕੰਮਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨ ਦੇ ਹੁਕਮ
ਕਪੂਰਥਲਾ, 06 ਮਾਰਚ : ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਅੱਜ ਇੱਥੇ ਕੇਂਦਰ ਸਰਕਾਰ ਵਲੋਂ ਸਪੌਂਸਰਡ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕ ਪੱਖੀ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪੁੱਜਦਾ ਕੀਤ ਜਾਣਾ ਯਕੀਨੀ ਬਣਾਉਣ। ਉਹ ਅੱਜ ਬਤੌਰ ਚੇਅਰਮੈਨ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ,ਜਿਸ ਵਿਚ ਕੋ-ਚੇਅਰਮੈਨ ਜਸਬੀਰ ਸਿੰਘ ਡਿੰਪਾ ਸੰਸਦ ਮੈਂਬਰ ਹਲਕਾ ਖਡੂਰ ਸਾਹਿਬ,ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪੀ.ਐੱਮ ਸਵੈ ਨਿੱਧੀ ਯੋਜਨਾ ਤਹਿਤ ਰੇਹੜੀਆਂ/ਫੜੀਆਂ ਵਾਲਿਆਂ ਨੂੰ ਕਾਰੋਬਾਰ ਵਧਾਉਣ ਲਈ ਵਿਆਜ਼ ਰਹਿਤ ਕਰਜ਼ ਦੀ ਯੋਜਨਾ ਬਾਰੇ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਬੈਂਕਾਂ ਆਮ ਲੋਕਾਂ ਨੂੰ ਕਾਰੋਬਰਾ ਸਥਾਪਿਤ ਕਰਨ ਲਈ ਖੁੱਲ੍ਹਦਿਲੀ ਨਾਲ ਕਰਜ਼ ਦੇਣ। ਕੇਂਦਰੀ ਮੰਤਰੀ ਵਲੋਂ ਪੀ.ਐੱਮ ਆਵਾਸ ਯੋਜਨਾ,ਕੌਮੀ ਸਿਹਤ ਮਿਸ਼ਨ,ਜਲ ਜੀਵਨ ਮਿਸ਼ਨ,ਸਵੱਛ ਭਾਰਤ ਮਿਸ਼ਨ,ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ,ਮਨਰੇਗਾ,ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਜਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਅੰਮ੍ਰਿਤ ਸਰੋਵਰ ਯੋਜਨਾ ਦਾ ਵੀ ਜਾਇਜ਼ਾ ਲਿਆ,ਜਿਸ ਤਹਿਤ ਜ਼ਿਲ੍ਹੇ ਵਿਚ 75 ਛੱਪੜਾਂ ਨੂੰ ਵਿਕਸਿਤ ਕੀਤਾ ਜਾਣਾ ਹੈ। ਡਿਪਟੀ ਕਮਿਸ਼ਨਰ ਸ੍ਰੀ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਯੋਜਨਾਂ ਤਹਿਤ 37 ਛੱਪੜ ਵਿਕਸਿਤ ਕਰਨ ਦਾ ਕੰਮ ਚੱਲ ਰਿਹਾ ਹੈ,ਜਿਸ ਵਿਚੋਂ 21 ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਕੇਂਦਰੀ ਮੰਤਰੀ ਵਲੋਂ ਪੀ.ਐਮੱ ਸਨਾਮ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਮਿਲ ਰਹੇ ਨਕਦ ਵਿੱਤੀ ਸਹਾਇਤਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ,ਜਿਸ ਤਹਿਤ 12ਵੀਂ ਕਿਸ਼ਤ ਨਾਲ ਕਪੂਰਥਲਾ ਜ਼ਿਲ੍ਹੇ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 2.28 ਕਰੋੜ ਰੁਪਏ ਭੇਜੇ ਗਏ ਹਨ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਵਲੋਂ ਵੀ ਐਮ.ਪੀ ਲੈਡ ਤਹਿਤ ਕਪੂਰਥਲਾ ਅਤੇ ਸੁਲਤਾਨਪੁਰ ਹਲਕਿਆਂ ਲਈ ਜਾਰੀ ਗ੍ਰਾਂਟਾ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ। ਉਨ੍ਹਾਂ ਕਿਹਾਕਿ ਅਧਿਕਾਰੀ ਸਮੇਂ ਸਿਰ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਉਣ ਤਾਂ ਜੋ ਹੋਰ ਫੰਡ ਜਾਰੀ ਕੀਤੇ ਜਾ ਸਕਣ। ਡਿਪਟੀ ਕਮਿਸ਼ਨਰ ਸ੍ਰੀ ਸਾਰੰਗਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰੀ ਯੋਜਨਾਵਾਂ ਨੂੰ ਇੰਨ-ਬਿੰਨ ਲਾਗੂ ਕਰਕੇ ਲੋਕਾਂ ਦੇ ਜੀਵਨ ਪੱਧਰ ਦੇ ਸੁਧਾਰ ਲਈ ਤਨਦੇਹੀ ਨਾਲ ਕੰਮ ਕਰਨ।ਉਨ੍ਹਾਂ ਇਹ ਵੀ ਦੱਸਿਆ ਕਿ ਕਪੂਰਥਲਾ ਵਿਖੇ ਮੈਡੀਕਲ ਕਾਲਜ ਸਬੰਧੀ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ। ਉਨਾਂ ਕਿਹਾ ਕਿ ਕੋਵਿਡ ਦੀ ਰੋਕਥਾਮ ਲਈ ਕਪੂਰਥਲਾ ਜ਼ਿਲ੍ਹੇ ਵਿਚ ਵੈਕਸੀਨੇਸ਼ਨ ਲਗਭਗ ਮੁਕੰਮਲ ਹੋ ਚੁੱਕੀ ਹੈ।ਪਹਿਲੀ ਡੋਜ਼ 99.88ਫੀਸਦੀ ਅਤੇ ਦੂਜੀ ਡੋਜ਼ 89.96 ਫੀਸਦੀ ਲੋਕਾਂ ਨੂੰ ਲੱਗ ਚੁੱਕੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਵਿਕਾਸ ਕੰਮਾਂ ਸਬੰਧੀ ਵਰਤੋਂ ਸਰਟੀਫਿਕੇਟ 15 ਦਿਨ ਦੇ ਅੰਦਰ-ਅੰਦਰ ਜਮ੍ਹਾਂ ਕਰਵਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸਾਗਰ ਸੇਤੀਆ,ਕਮਿਸ਼ਨਰ ਨਗਰ ਨਿਗਮ ਕਪੂਰਥਲਾ ਅਨੂਪਮ ਕਲੇਰ,ਫਗਵਾੜਾ ਨਗਰ ਨਿਗਮ ਕਮਿਸ਼ਨਰ ਡਾ.ਨਯਨ ਜੱਸਲ,ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ ਤੇ ਕਮੇਟੀ ਦੇ ਗੈਰ-ਸਰਕਾਰੀ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।