ਨਵਾਂਸ਼ਹਿਰ, 27 ਨਵੰਬਰ 2024 : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤੀ ਖੇਤਰ ਵਿਚ ਵਿੰਭਿਨਤਾ ਲਿਆਉਣ ਦੇ ਮਕਸਦ ਨਾਲ ਅਨਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ- ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ 'ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁੱਡ ਫਾਰ ਐਸ.ਸੀ.ਬੈਨੀਫਿਸ਼ਰੀਜ਼' ਦੀ ਸ਼ੁਰੂਆਤ ਪੂਰੇ ਪੰਜਾਬ ਵਿਚ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ, ਸ਼ਹੀਦ ਭਗਤ ਸਿੰਘ ਨਗਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 2 ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ-ਨਾਲ 3500 ਰੁਪਏ ਵਜ਼ੀਫਾ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਨਸੂਚਿਤ ਜਾਤੀ ਨਾਲ ਸਬੰਧਤ ਜਿਹੜੇ ਉਮੀਦਵਾਰ ਡੇਅਰੀ ਦਾ ਕਿੱਤਾ ਕਰਨਾ ਚਾਹੁੰਦੇ ਹਨ ਉਹ ਪੰਜਾਬ ਦੇ ਵਸਨੀਕ ਹੋਣ ਅਤੇ ਪੇਂਡੂ ਪਿਛੋਕੜ ਦੇ ਹੋਣ, ਘੱਟ ਤੋਂ ਘੱਟ ਪੰਜਵੀਂ ਪਾਸ, ਉਮਰ 18-50 ਸਾਲ ਅਤੇ ਉਨ੍ਹਾਂ ਕੋਲ ਘੱਟੋ-ਘੱਟ 2 ਦੁਧਾਰੂ ਪਸ਼ੂ ਰੱਖਣ ਦਾ ਯੋਗ ਪ੍ਰਬੰਧ ਹੋਵੇ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਕਰਨ ਉਪਰੰਤ ਲਾਭਪਾਤਰੀ 2, 5, 10 ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਕਰਜ਼ੇ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ ਅਤੇ ਕਰਜ਼ੇ 'ਤੇ 33 ਫੀਸਦੀ ਸਬਸਿਡੀ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਪੜ੍ਹਾਈ ਸਬੰਧੀ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਅਨਸੂਚਿਤ ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਟ੍ਰੇਨਿੰਗ ਸਬੰਧੀ ਕਾਗਜ਼ਾਤ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਵੈਟਨਰੀ ਪੋਲੀਕਲੀਨਿਕ, ਮਹਾਲੋਂ ਵਿਖੇ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕੰਮ ਦੇ ਦਿਨਾਂ ਦੌਰਾਨ ਫੋਨ ਨੰਬਰ 01823-225050 'ਤੇ ਸੰਪਰਕ ਕੀਤਾ ਜਾ ਸਕਦਾ ਹੈ।