ਚੰਡੀਗੜ੍ਹ, 14 ਫਰਵਰੀ : ਪੰਜਾਬ ਵਿੱਚ ਅੱਜ ਰਾਤ 12 ਵਜੇ ਤੋਂ ਤਿੰਨ ਟੋਲ ਪਲਾਜ਼ਾ ਬੰਦ ਹੋਣ ਜਾ ਰਹੇ ਹਨ। ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਬੈਠਕ ਕੀਤੀ ਹੈ। ਇਨ੍ਹਾਂ ਟੋਲ ਪਲਾਜ਼ਾ 'ਚ 2 ਹੁਸ਼ਿਆਰਪੁਰ ਜ਼ਿਲ੍ਹੇ ਅਤੇ 1 ਨਵਾਂਸ਼ਹਿਰ 'ਚ ਹਨ। ਇਸ ਦੀ ਪੁਸ਼ਟੀ ਪੀਡਬਲਿਓੂਡੀ ਵਿਭਾਗ ਨੇ ਕੀਤੀ। ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਟੋਲ ਪਲਾਜ਼ਾ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਹ ਫੈਸਲਾ ਦੋ ਦਿਨ ਪਹਿਲਾਂ ਸਰਕਾਰ ਨੇ ਲਿਆ ਸੀ। ਤਿੰਨੋਂ ਟੋਲ ਪਲਾਜ਼ੇ ਰੋਹਨ ਰਾਜਦੀਪ ਦੀ ਇੱਕੋ ਕੰਪਨੀ ਦੇ ਹਨ ਅਤੇ ਸਰਕਾਰ ਨੇ ਕੰਪਨੀ ਨੂੰ ਟ੍ਰਿਪਲ ਪੀ ਯਾਨੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਬਿਲਟ, ਓਪਰੇਟ ਅਤੇ ਟ੍ਰਾਂਸਫਰ ਮੋਡ 'ਤੇ ਦਿੱਤਾ ਸੀ। ਕੰਪਨੀ ਦਾ ਠੇਕਾ ਅੱਜ ਖਤਮ ਹੋ ਗਿਆ ਹੈ ਅਤੇ ਅੱਧੀ ਰਾਤ 12 ਤੋਂ ਉਨ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ। ਹੁਣ ਸਰਕਾਰ ਖੁਦ ਇਸ ਸੜਕ ਦੀ ਦੇਖਭਾਲ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਵੀ ਆਪਣੀ ਹੁਸ਼ਿਆਰਪੁਰ ਫੇਰੀ ਦੌਰਾਨ ਤਿੰਨ ਟੋਲ ਪਲਾਜ਼ੇ ਬੰਦ ਕਰ ਦਿੱਤੇ ਸਨ। ਬਲਾਚੌਰ ਤੋਂ ਦਸੂਹਾ ਤੱਕ 104.96 ਕਿਲੋਮੀਟਰ ਦੇ ਰਸਤੇ 'ਤੇ ਹੁਣ ਲੋਕਾਂ ਨੂੰ ਕਿਸੇ ਕਿਸਮ ਦਾ ਟੋਲ ਨਹੀਂ ਦੇਣਾ ਪਵੇਗਾ। ਜਿਸ ਤਰ੍ਹਾਂ ਸਰਕਾਰ ਸਮਾਂ ਪੂਰਾ ਹੋਣ ਤੋਂ ਬਾਅਦ ਟੋਲ ਪਲਾਜ਼ਾ ਕੰਪਨੀਆਂ ਨੂੰ ਹੋਰ ਵਾਧਾ ਨਹੀਂ ਦੇ ਰਹੀ ਅਤੇ ਲਗਾਤਾਰ ਟੋਲ ਬੰਦ ਕਰ ਰਹੀ ਹੈ, ਹੁਣ ਸੂਬੇ ਵਿੱਚ ਸਿਰਫ਼ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਪਲਾਜ਼ੇ ਹੀ ਰਹਿ ਜਾਣਗੇ। ਵੈਸੇ ਵੀ ਸੂਬੇ ਦੇ ਟੋਲ ਪਲਾਜ਼ੇ ਇੰਨੇ ਮਹਿੰਗੇ ਨਹੀਂ ਸਨ, ਪਰ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ੇ ਸਭ ਤੋਂ ਮਹਿੰਗੇ ਹਨ।