ਗੜ੍ਹਸ਼ੰਕਰ, 5 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਜੀਅ-ਤੋੜ ਕੋਸ਼ਿਸ਼ਾਂ ਕਰ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ ਰੋੜੀ ਨੇ ਅੱਜ ਬਲਾਕ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਨ- ਰਾਤ ਇੱਕ ਕਰ ਰਹੀ ਹੈ , ਉਹਨਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਪਿੰਡਾਂ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾ ਕੇ ਹਲਕੇ ਨੂੰ ਸੂਬੇ ਦੇ ਮੋਹਰੀ ਹਲਕਿਆਂ ਵਿੱਚ ਸ਼ੁਮਾਰ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਪਨਾਮ ਵਿਖੇ ਨਵੇਂ ਬਣੇ ਸ਼ੈਡ ਦਾ ਉਦਘਾਟਨ ਕਰਨ ਤੋਂ ਇਲਾਵਾ ਪਿੰਡ ਮੋਰਾਂਵਾਲੀ ਅਤੇ ਪਿੰਡ ਸੈਲਾ ਵਿਖੇ ਨਵੀਆਂ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ। ਇਸੇ ਤਰਾਂ ਪਿੰਡ ਬੀਰਮਪੁਰ ਵਿਖੇ ਗਲੀ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹ ਪਿੰਡ ਕੁੱਕੜਾਂ ਵਿਖੇ ਲਗਾਇਆ ਗਿਆ ਟਿਊਬਵੈਲ ਵੀ ਲੋਕ ਅਰਪਣ ਕੀਤਾ। ਡਿਪਟੀ ਸਪੀਕਰ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਅਕਾਲਗੜ੍ਹ ਵਿਖੇ ਮੈਡੀਕਲ ਕੈਂਪ ਵਿੱਚ ਵੀ ਹਾਜਿਰੀ ਲਵਾਈ। ਇਸੇ ਤਰਾਂ ਉਹਨਾਂ ਪਿੰਡ ਮੇਘੋਵਾਲ ਬਲਾਕ ਮਾਹਿਲਪੁਰ ਵਿਖੇ ਫ਼ੁੱਟਬਾਲ ਟੂਰਨਾਮੈਂਟ ਵਿੱਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ। ਇਸ ਦੌਰਾਨ ਉਹਨਾਂ ਸ੍ਰੀ ਗੁਰੂ ਰਵਿਦਾਸ ਮੰਦਿਰ ਮਾਹਿਲਪੁਰ ਵਿਖੇ ਆਤਮ ਅਰਦਾਸ ਵਿੱਚ ਵੀ ਸ਼ਿਰਕਤ ਕੀਤੀ। ਇਸ ਮੌਕੇ ਸੰਬਧਤ ਪਿੰਡਾਂ ਅਤੇ ਇਲਾਕਿਆ ਦੇ ਮੋਹਤਬਰ ਅਤੇ ਅਹਿਮ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।