ਹੁਸ਼ਿਆਰਪੁਰ, 5 ਜਨਵਰੀ 2025 : ਹੁਸ਼ਿਆਰਪੁਰ ਦੇ ਪਿੰਡ ਬਜ਼ੁਰਗਾਂ ਦੇ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਨੇ ਇੱਕ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਪ੍ਰਿੰਸੀਪਲ ਨੇ ਮਾਸੂਮ ਬੱਚੇ ਨੂੰ ਪੜ੍ਹਾਉਂਦੇ ਸਮੇਂ ਇਕ ਤੋਂ ਬਾਅਦ ਇਕ ਥੱਪੜ ਮਾਰ ਦਿੱਤਾ। ਪ੍ਰਿੰਸੀਪਲ ਨੇ ਮਾਸੂਮ ਬੱਚੇ ਨੂੰ ਕਲਾਸ ਵਿੱਚ ਕਈ ਵਾਰ ਥੱਪੜ ਮਾਰਿਆ ਅਤੇ ਪ੍ਰਿੰਸੀਪਲ ਨੇ ਮਾਸੂਮ ਬੱਚੇ ਨੂੰ ਫੜ ਕੇ ਧੱਕਾ ਮਾਰਿਆ ਅਤੇ ਇਸ ਦੌਰਾਨ ਮਾਸੂਮ ਬੱਚਾ ਜ਼ਮੀਨ ’ਤੇ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸੂਚਨਾ ਮੰਗਲਵਾਰ ਨੂੰ ਨੋਡਲ ਅਫਸਰ ਨੂੰ ਭੇਜੀ ਜਾਵੇਗੀ ਅਤੇ ਪ੍ਰਿੰਸੀਪਲ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਪ੍ਰਿੰਸੀਪਲ ਨੇ ਇਸ ਕਾਰਵਾਈ ਲਈ ਮੁਆਫੀ ਮੰਗ ਲਈ ਹੈ। ਸਕੂਲੀ ਬੱਚਿਆਂ ਨਾਲ ਧੱਕੇਸ਼ਾਹੀ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਪਰ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਕਾਗਜ਼ਾਂ ‘ਤੇ ਹੀ ਰਹਿ ਗਈ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲ ਵੀ ਉਂਗਲ ਉਠਾਈ ਜਾ ਰਹੀ ਹੈ ਕਿ ਜੇਕਰ ਸਿੱਖਿਆ ਵਿਭਾਗ ਨੇ ਸਮੇਂ ਸਿਰ ਠੋਸ ਕਦਮ ਚੁੱਕੇ ਹੁੰਦੇ ਤਾਂ ਅੱਜ ਅਜਿਹੇ ਮਾਮਲਿਆਂ ਨੂੰ ਠੱਲ੍ਹ ਪੈ ਸਕਦੀ ਸੀ। ਇਸ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਮਲੇ ਵਿੱਚ ਕਾਰਵਾਈ ਦੇ ਹੁਕਮ ਦਿੱਤੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਦਾ ਨੋਟਿਸ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਇੱਕ ਨਿੱਜੀ ਸਕੂਲ ਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਸਕੂਲ ਦੀ ਪ੍ਰਿੰਸੀਪਲ ਅਤੇ ਮਾਲਕ ਦੇ ਖਿਲਾਫ਼ ਅਪਰਾਧਿਕ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ 'ਚ ਕਾਫੀ ਗੁੱਸਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਹਰਕਤ ਦੀ ਨਿੰਦਾ ਕੀਤੀ ਹੈ ਅਤੇ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।